ਚੰਡੀਗੜ੍ਹ, 28 ਦਸੰਬਰ 2018 - ਸਰਦੀਆਂ 'ਚ ਆਮ ਤੌਰ 'ਤੇ ਗਲੇ 'ਚ ਖਰਾਸ਼ ਹੋ ਜਾਂਦੀ ਹੈ ਜਿਸ ਨਾਲ ਗਲੇ 'ਚ ਦਰਦ ਜਾਂ ਸੋਜ਼ਿਸ਼ ਵੀ ਆ ਸਕਦੀ ਹੈ ਤੇ ਖਾਣ ਪੀਣ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਲੇ ਦੀ ਖਰਾਸ਼ ਪਿੱਛੇ ਕਈ ਕਾਰਨ ਹੁੰਦੇ ਨੇ, ਜਿਵੇਂ ਕਿ ਵਾਇਰਲ ਇਨਫੈਕਸ਼ਨ, ਸਰਦੀ-ਜ਼ੁਖਾਮ, ਬੈਕਟੀਰਿਅਲ ਇਨਫੈਕਸ਼ਨ ਆਦਿ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਲੋਕ ਕਈ ਦਵਾਈਆਂ ਵੀ ਲੈਂਦੇ ਹਨ। ਪਰ ਇਸ ਸਮੱਸਿਆ ਨੂੰ ਗਰਾਰੇ ਕਰ ਕੇ ਦੂਰ ਕੀਤਾ ਜਾ ਸਕਦਾ ਹੈ।
ਕੀ ਹਨ ਗਰਾਰੇ ਕਰਨ ਦੇ ਸਹੀ ਤਰੀਕੇ ? ਹੇਠ ਪੜ੍ਹੋ :-
ਗਰਮ ਪਾਣੀ ਤੇ ਨਮਕ
ਨਮਕ 'ਚ ਐਂਟੀਸੈਪਟਿਕ ਤੇ ਐਨਟੀ ਬੈਕਟੀਰਿਅਲ ਗੁਣ ਹੁੰਦੇ ਹਨ ਜੋ ਗਲੇ 'ਚ ਮੌਜੂਦ ਬੈਕਟੀਰਿਆ ਨਾਲ ਲੜਨ 'ਚ ਮਦਦ ਕਰਦਾ ਹੈ ਅਤੇ ਗਲੇ ਦੀ ਖਰਾਸ਼ ਨੂੰ ਘੱਟ ਕਰਦਾ ਹੈ।ਕੋਸੇ ਪਾਣੀ 'ਚ ਚੁਟਕੀ ਨਮਕ ਮਿਲਾ ਕੇ ਦਿਨ 'ਚ 2 ਵਾਰ ਗਰਾਰੇ ਕਰਨ ਨਾਲ ਖਰਾਸ਼ ਤੋਂ ਬਹੁਤ ਜਲਦ ਰਾਹਤ ਮਿਲੇਗੀ।
ਗਰਮ ਪਾਣੀ ਤੇ ਅਧਰਕ
ਗਰਮ ਪਾਣੀ ਨਾਲ ਅਧਰਕ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਅਧਰਕ 'ਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਗਲੇ ਦੀ ਸੋਜਿਸ਼ ਨੂੰ ਘੱਟ ਕਰਦੇ ਹਨ। ਇਸ ਨਾਲ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਹੈ। ਕੋਸੇ ਪਾਣੀ 'ਚ ਅਧਰਕ ਪਾਊਡਰ ਮਿਲਾ ਕੇ ਦਿਨ 'ਚ 2 ਵਾਰ ਇਸ ਨਾਲ ਗਰਾਰੇ ਕਰੋ।
ਗਰਮ ਪਾਣੀ ਤੇ ਹਲਦੀ
ਹਲਦੀ ਐਂਟੀ-ਇਨਫਲੇਮੇਟਰੀ ਅਤੇ ਐਂਟੀ ਬੈਕਟੀਰਿਅਲ ਹੁੰਦੀ ਹੈ। ਇਸ ਨਾਲ ਗਲੇ 'ਚ ਹੋਣ ਵਾਲਾ ਦਰਦ ਤੇ ਸੋਜਿਸ਼ ਘਟ ਜਾਂਦੀ ਹੈ। ਕੋਸੇ ਪਾਣੀ 'ਚ ਹਲਦੀ ਪਾਊਡਰ ਮਿਲਾ ਕੇ ਦਿਨ 'ਚ 2 ਵਾਰ ਗਰਾਰੇ ਕਰੋ ਤਾਂ ਗਲੇ ਨੂੰ ਰਾਹਤ ਮਿਲਦੀ ਹੈ।
ਗਰਮ ਪਾਣੀ ਤੇ ਲੌਂਗ ਪਾਊਡਰ
ਲੌਂਗ 'ਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ। ਜਿਸ ਨਾਲ ਗਲੇ ਦੀ ਖਰਾਸ਼ ਨੂੰ ਕਾਫੀ ਰਾਹਤ ਮਿਲਦੀ ਹੈ। ਹਲਕੇ ਕੋਸੇ ਪਾਣੀ 'ਚ ਲੌਂਗ ਪਾਊਡਰ ਮਿਲਾ ਕੇ ਦਿਨ ' 2 ਵਾਰ ਗਰਾਰੇ ਕਰਨ ਨਾਲ ਗਲੇ ਨੂੰ ਰਾਹਤ ਮਿਲਦੀ ਹੈ।