ਨਵੀਂ ਦਿੱਲੀ, 14 ਅਕਤੂਬਰ 2019 - ਸੋਮਵਾਰ ਸਵੇਰ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਭਿਆਨਕ ਕਾਰ ਹਾਦਸੇ ਵਿੱਚ ਨੈਸ਼ਨਲ ਲੈਵਲ ਦੇ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।
ਹਾਦਸਾ ਐੱਨਐੱਚ-69 ‘ਤੇ ਉਸ ਸਮੇਂ ਵਾਪਰਿਆ ਜਦੋ ਖਿਡਾਰੀਆਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ । ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਹਾਕੀ ਖਿਡਾਰੀਆਂ ਦੀ ਕਾਰ ਦੇ ਪਰਖੱਚੇ ਉੱਡ ਗਏ ਤੇ ਕਾਰ ਅੰਦਰ ਬੈਠੇ ਤਿੰਨ ਖਿਡਾਰੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ।
ਕਾਰ ਵਿੱਚ ਕੁੱਲ 7 ਖਿਡਾਰੀ ਸਵਾਰ ਸਨ। ਇਸ ਹਾਦਸੇ ਵਿੱਚ ਮਾਰੇ ਗਏ ਖਿਡਾਰੀਆਂ ਦੀ ਪਹਿਚਾਣ ਸ਼ਾਹਨਵਾਜ਼ ਖ਼ਾਨ, ਆਦਰਸ਼ ਹਰਦੁਆ, ਆਸ਼ੀਸ਼ ਲਾਲ ਤੇ ਅਨਿਕੇਤ ਦੇ ਰੂਪ ਵਿੱਚ ਹੋਈ ਹੈ । ਇਹ ਸਾਰੇ ਮੱਧ ਪ੍ਰਦੇਸ਼ ਦੀ ਹਾਕੀ ਅਕੈਡਮੀ ਦੇ ਖਿਡਾਰੀ ਸੀ ਤੇ ਹੋਸ਼ੰਗਾਬਾਦ ਵਿੱਚ ਚੱਲ ਰਹੇ ਅਖਿਲ ਭਾਰਤੀ ਹਾਕੀ ਟੂਰਨਾਮੈਂਟ ਵਿੱਚ ਖੇਡਣ ਆਏ ਸਨ ।