ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 3 ਦਸੰਬਰ 2019 - ਭਾਰਤ ਲਈ ਅੰਤਰਰਾਸ਼ਟਰੀ ਪੱਧਰ ਤਕ ਮੈਡਲ ਜਿੱਤਣ ਵਾਲੇ ਪੰਜਾਬ ਦੇ ਪੈਰਾਓਲੰਪਿਕ ਖਿਡਾਰੀਆਂ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਦੇ ਚੰਡੀਗੜ੍ਹ ਨਿਵਾਸ ਅੱਗੇ ਹੱਥਾਂ ‘ਚ ਮੈਡਲ ਫੜ ਕੇ ਧਰਨਾ ਦਿੱਤਾ ਜਾ ਰਿਹਾ ਹੈ। ਹੱਥਾਂ ’ਚ ਢੇਰ ਸਾਰੇ ਮੈਡਲ ਫੜੀ ਇਹ ਨੌਜਵਾਨ ਖਿਡਾਰੀਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਫੁੱਲੀਆਂ ਪਾ ਰਹੀ ਹੈ, ਜਦਕਿ ਅਸਲ ਮੰਗ ਉਨ੍ਹਾਂ ਦੀ ਨੌਕਰੀ ਦੀ ਹੈ ਜੋ ਹਾਲੇ ਤੱਕ ਸਰਕਾਰ ਵੱਲੋਂ ਕਿਸੇ ਨੂੰ ਦਿੱਤੀ ਨਹੀਂ ਗਈ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਅੰਕਿਤ ਬਾਂਸਲ ਦੁਆਰਾ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਨੌਕਰੀਆਂ ਦਾ ਭਰੋਸਾ ਦੁਆਇਆ ਜਾ ਰਿਹਾ ਹੈ। ਪਰ ਖਿਡਾਰੀਆਂ ਦਾ ਰੋਸਾ ਹੈ ਕਿ ਸਰਕਾਰ ਦੁਆਰਾ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ ਤੇ ਜਿਸ ਕਾਰਨ ਉਹ ਅੱਜ ਚੰਡੀਗੜ੍ਹ ਵਿਖੇ ਕੈਪਟਨ ਦੇ ਨਿਵਾਸ ਅੱਗੇ ਧਰਨਾ ਦੇਣ ਪਹੁੰਚੇ ਹਨ।