ਹਾਕੀ ਵਿਸ਼ਵ ਕੱਪ; ਅਰਜਨਟੀਨਾ ਫਰਾਂਸ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਕੁਆਰਟਰ ਫ਼ਾਈਨਲ ‘ਚ
ਸਪੇਨ ਨਾਲ ਬਰਾਬਰੀ ਕਰ ਕੇ ਨਿਊਜ਼ੀਲੈਂਡ ਕਰਾਸ ਓਵਰ ਖੇਡੇਗਾ
ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਹਾਕੀ ਵਿਸ਼ਵ ਕੱਪ ਦੇ ਪੂਲ ਏ ਦੇ ਅੱਜ ਖੇਡੇ ਗਏ ਆਖਰੀ ਲੀਗ ਮੈਚਾਂ ਦੇ ਬਹੁਤ ਨਾਟਕੀ ਅਤੇ ਹੈਰਾਨੀ ਵਾਲੇ ਰਹੇ। ਫਰਾਂਸ ਨੇ ਸਿਖਰ ਉਤੇ ਚੱਲ ਰਹੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਇਸ ਉਲਟਫੇਰ ਦੇ ਬਾਵਜੂਦ ਪਹਿਲੀਆਂ ਦੋ ਜਿੱਤਾਂ ਸਦਕਾ ਅਰਜਨਟੀਨਾ ਪੂਲ ਵਿੱਚ ਸਿਖਰ ਉਤੇ ਕਾਇਮ ਰਿਹਾ ਅਤੇ ਕੁਆਰਟਰ ਫ਼ਾਈਨਲ ਵਿੱਚ ਸਿੱਧਾ ਦਾਖਲਾ ਪਾਇਆ। ਫਰਾਂਸ ਇਸ ਜਿੱਤ ਨਾਲ ਗਰੁੱਪ ਵਿੱਚ ਬਿਹਤਰ ਗੋਲ ਔਸਤ ਨਾਲ ਦੂਜੇ ਨੰਬਰ ਉਤੇ ਰਹਿੰਦਾ ਹੋਇਆ ਕਰਾਸ ਓਵਰ ਖੇਡੇਗਾ।ਇਸ ਗਰੁੱਪ ਵਿੱਚੋਂ ਕਰਾਸ ਓਵਰ ਖੇਡਣ ਵਾਲੀ ਦੂਜੀ ਟੀਮ ਨਿਊਜ਼ੀਲੈਂਡ ਹੈ ਜਿਸ ਨੇ ਅੱਜ ਸਪੇਨ ਨਾਲ 2-2 ਦਾ ਡਰਾਅ ਖੇਡਿਆ। ਸਪੇਨ ਦੋ ਅੰਕਾਂ ਕਾਰਨ ਆਖਰੀ ਸਥਾਨ ਉਤੇ ਰਿਹਾ ਅਤੇ ਲੀਗ ਸਟੇਜ ਵਿੱਚੋਂ ਹੀ ਬਾਹਰ ਹੋ ਗਿਆ।
ਦਿਨ ਦੇ ਦੂਜੇ ਮੈਚ ਵਿੱਚ ਫਰਾਂਸ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਨਾਲ ਹਰਾ ਕੇ ਵੱਡਾ ਝਟਕਾ ਦਿੱਤਾ।ਪਹਿਲਾ ਕੁਆਰਟਰ ਗੋਲ ਰਹਿਤ ਰਿਹਾ।ਫਰਾਂਸ ਵੱਲੋਂ ਜੈਨੇਸਟਿਟ ਨੇ 18ਵੇਂ, ਚਾਰਲੈਟ ਨੇ 23ਵੇਂ ਤੇ ਕੋਇਸਨ ਨੇ 26ਵੇਂ ਮਿੰਟ ਵਿੱਚ ਉਤੋਤੜੀ ਤਿੰਨ ਗੋਲ ਕੀਤੇ। ਅਰਜਨਟੀਨਾ ਵੱਲੋਂ ਮਾਰਟੀਨੇਜ਼ ਨੇ 28ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ ਅੰਤਰ ਇਕ ਵਾਰ ਘੱਟ ਕੀਤਾ ਪਰ ਦੋ ਮਿੰਟਾਂ ਬਾਅਦ ਫਰਾਂਸ ਦੇ ਬਾਓਮਗਾਰਟੇਨ ਨੇ 30ਵੇਂ ਮਿੰਟ ਵਿੱਚ ਗੋਲ ਕਰ ਕੇ ਲੀਡ 4-1 ਕਰ ਦਿੱਤੀ। ਤੀਜੇ ਕੁਆਰਟਰ ਵਿੱਚ ਅਰਜਨਟੀਨਾ ਦੇ ਪਇਲੀਅਟ ਨੇ 44ਵੇਂ ਤੇ 48ਵੇਂ ਮਿੰਟ ਵਿੱਚ ਦੋ ਗੋਲ ਕਰ ਕੇ ਸਕੋਰ ਅੰਤਰ ਫੇਰ ਘਟਾਇਆ। ਫਰਾਂਸ ਨੇ ਗੋਏਟ ਦੇ 54ਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਟੀਮ ਦੀ 5-3 ਨਾਲ ਜਿੱਤ ਪੱਕੀ ਕਰ ਦਿੱਤੀ।
ਇਸ ਤੋਂ ਪਹਿਲਾ ਦਿਨ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੇ ਆਖਰੀ ਕੁਆਰਟਰ ਵਿੱਚ ਕੀਤੇ ਦੋ ਗੋਲਾਂ ਸਦਕਾ ਸਪੇਨ ਨਾਲ 2-2 ਦੀ ਬਰਾਬਰੀ ਕਰ ਕੇ ਨਾਕ ਆਊਟ ਦੌਰ ਵਿੱਚ ਦਾਖਲਾ ਪਾ ਲਿਆ ਜਦੋਂਕਿ ਸਪੇਨ ਦੀ ਟੀਮ ਬਾਹਰ ਹੋ ਗਈ। ਸਪੇਨ ਵੱਲੋਂ ਬੈਲਟਰਾਨ ਨੇ 9ਵੇਂ ਤੇ ਇਗਲੈਸੀਅਸ ਨੇ 27ਵੇਂ ਮਿੰਟ ਵਿੱਚ ਗੋਲ ਕੀਤੇ। ਨਿਊਜ਼ੀਲੈਂਡ ਨੇ ਫਿਲੀਪਸ ਦੇ 50ਵੇਂ ਤੇ ਰਸਲ ਦੇ 56ਵੇਂ ਮਿੰਟ ਵਿੱਚ ਕੀਤੇ ਗੋਲਾਂ ਸਦਕਾ ਡਰਾਅ ਖੇਡ ਕੇ ਸਪੇਨ ਦੀਆਂ ਆਸਾਂ ਉਤੇ ਪਾਣੀ ਫੇਰਿਆ।