ਚੰਡੀਗੜ੍ਹ, 22 ਮਾਰਚ 2019 - ਚੰਡੀਗੜ੍ਹ ਤੋਂ ਅਸਾਮ ਦੇ ਡਿਬਰੂਗੜ੍ਹ ਜਾ ਰਹੀ ਐਕਸਪ੍ਰੈੱਸ ਰੇਲ–ਗੱਡੀ ਦੇ ਇੰਜਣ ਨੂੰ ਅੱਜ ਕਰੀਬ 11 ਵਜੇ ਸਵੇਰੇ ਅੱਗ ਲੱਗ ਗਈ। ਜਿਸ ਤੋਂ ਬਾਅਦ ਆਪਣੀਆਂ ਜਾਨਾਂ ਦਾ ਬਚਾਅ ਕਰਦੇ ਯਾਤਰੀਆਂ ਵੱਲੋਂ ਰੇਲ 'ਚੋਂ ਛਾਲਾਂ ਮਾਰ ਦਿੱਤੀਆਂ ਗਈਆਂ। ਇਸ ਘਟਨਾ 'ਚ 2 ਯਾਤਰੀਆਂ ਦੀ ਮੌਤ ਹੋ ਗਈ। ਇਹ ਘਟਨਾ ਪੱਛਮੀ ਬੰਗਾਲ ’ਚ ਦਾਰਜੀਲਿੰਗ ਜ਼ਿਲ੍ਹੇ ਦੇ ਫੰਸੀਦੇਵਾ ਬਲਾਕ ਵਿੱਚ ਚਥਾਟ ਲਾਗੇ ਵਾਪਰੀ ਹੈ।
ਅੱਗ ਲੱਗਣ ਤੋਂ ਪਹਿਲਾਂ ਰੇਲ ਗੱਡੀ ਨਵੀਂ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਸਿਰਫ 9 ਕਿਲੋਮੀਟਰ ਦੂਰੀ 'ਤੇ ਸੀ। ਡਰਾਇਵਰ ਨੇ ਜਿਵੇਂ ਹੀ ਇੰਜਣ ’ਚੋਂ ਧੂੰਆਂ ਨਿੱਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਐਮਰਜੈਂਸੀ ਬ੍ਰੇਕਾਂ ਲਾਈਆਂ। ਨਿਊ ਜਲਪਾਈਗੁੜੀ ਤੋਂ ਤੁਰੰਤ ਮਦਦ ਪਹੁੰਚਾਈ ਗਈ। ਫੰਸੀਦੇਵਾ ਤੇ ਹੋਰਨਾਂ ਨੇੜਲੇ ਸਥਾਨਾਂ ਤੋਂ ਅੱਗ–ਬੁਝਾਊ ਇੰਜਣ ਉੱਥੇ ਭੇਜੇ ਗਏ ਤੇ ਤਦ ਅੱਗ ਉੱਤੇ ਕਾਬੂ ਪਾਇਆ ਗਿਆ। ਰੇਲ ਗੱਡੀ ਹਾਲੇ ਵੀ ਉੱਥੇ ਹੀ ਫਸੀ ਖੜ੍ਹੀ ਹੈ।
ਚੰਡੀਗੜ੍ਹ–ਡਿਬਰੂਗੜ੍ਹ ਐਕਸਪ੍ਰੈੱਸ ਇੱਕ ਹਫ਼ਤਾਵਾਰੀ ਸੁਪਰ–ਫ਼ਾਸਟ ਐਕਸਪ੍ਰੈੱਸ ਰੇਲ ਹੈ, ਜੋ ਚੰਡੀਗੜ੍ਹ ਨੂੰ ਉੱਤਰ–ਪੂਰਬੀ ਭਾਰਤ ਨਾਲ ਜੋੜਦੀ ਹੈ। ਡਿਬਰੂਗੜ੍ਹ ਉੱਪਰਲੇ ਆਸਾਮ ਦਾ ਇੱਕ ਸੁੰਦਰ ਸ਼ਹਿਰ ਹੈ, ਜਿਸ ਨੂੰ ਭਾਰਤ ਦੀ ‘ਟੀਅ ਸਿਟੀ’ ਭਾਵ ‘ਚਾਹ–ਨਗਰ’ ਵੀ ਕਿਹਾ ਜਾਂਦਾ ਹੈ।