ਕੈਪਸ਼ਨ : ਸੋਸ਼ਲ ਮੀਡੀਆ ਤੇ ਵਾਇਰਲ ਹੋਈ ਫੋਟੋ ।
ਫਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ਵਿੱਚ ਆਉਣ ਸਾਰ ਹੀ ਵਿਰੋਧੀ ਉਮੀਦਵਾਰ ਦਾ 'ਜੁੱਲੀ ਬਿਸਤਰਾ' ਗੋਲ ਕਰਨ ਦੀਆਂ ਵੱਡੀਆਂ ਵੱਡੀਆਂ ਬੜ੍ਹਕਾਂ ਮਾਰਨ ਵਾਲੇ ਕਾਂਗਰਸੀ ਵਿਧਾਇਕ ਦੇ ਆਪਣੇ ਹੀ ਪਿਤਾ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪੈ ਗਿਆ। ਕਿਸੇ ਸਮੇਂ ਮਹਿਲਾ ਥਾਣਾ ਮੁੱਖੀ ਨੂੰ ਜੁੱਲੀ ਬਿਸਤਰਾ ਗੋਲ ਕਰਾਉਣ ਦੀਆਂ ਧਮਕੀਆਂ ਦੇ ਕੇ ਚਰਚਾ ਵਿੱਚ ਆਏ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਆਪਣੇ ਪਿਤਾ ਤੇ ਦੋ ਵਾਰ ਅਕਾਲੀ ਟਿਕਟ ਤੋਂ ਚੋਣ ਜਿੱਤੇ ਤੇ ਹੁਣ ਕਾਂਗਰਸ ਪਾਰਟੀ ਵੱਲੋਂ ਟਿਕਟ ਪ੍ਰਾਪਤ ਕਰ ਲੈਣ ਸਾਰ ਹੀ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਦਾ ਅਕਸਰ ਹੀ ਜੁੱਲੀ ਬਿਸਤਰਾ ਗੋਲ ਕਰਕੇ ਵਾਪਸ ਲੰਬੀ ਭੇਜਣ ਦੇ ਬਿਆਨ ਦੇਣ ਵਾਲੇ ਉਕਤ ਵਿਧਾਇਕ ਦੇ ਪਿਤਾ ਤੇ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦਾ ਅੱਜ ਉਸ ਸਮੇਂ ਆਪਣਾ ਹੀ ਬਿਸਤਰਾ ਗੋਲ ਹੋ ਗਿਆ ਜਦੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਈਆਂ ਵੋਟਾਂ ਦੀ ਗਿਣਤੀ ਵਿੱਚ ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਤੋਂ ਕਰੀਬ ਦੋ ਲੱਖ ਵੋਟਾਂ ਦੀ ਵੱਡੀ ਲੀਡ ਲੈ ਕੇ ਆਪਣਾ ਜੁੱਲੀ ਬਿਸਤਰਾ ਗੋਲ ਕਰਵਾ ਬੈਠੇ । ਸ਼ੇਰ ਸਿੰਘ ਘੁਬਾਇਆ ਦੀ ਇਸ ਸ਼ਰਮਨਾਕ ਹਾਰ ਨਾਲ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਮੋਢਿਆਂ 'ਤੇ ਬਿਸਤਰੇ ਚੁੱਕੀ ਫਿਰਦੇ ਘੁਬਾਇਆ ਦੀ ਵਾਇਰਲ ਹੋਈ ਫੋਟੋ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਤੇ ਇਹ ਫੋਟੋ ਅੱਜ ਸਾਰਾ ਦਿਨ ਹੀ ਮੋਬਾਈਲ ਤੋਂ ਮੋਬਾਈਲ ਘੁੰਮਦੀ ਰਹੀ ਅਤੇ ਲੋਕ ਵਿਅੰਗ ਕੱਸਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਹਲਕੇ ਅੰਦਰ ਆਪਣੀ ਰਾਏ ਸਿੱਖ ਬਰਾਦਰੀ ਦੀ ਕਰੀਬ ਸਾਢੇ ਤਿੰਨ ਲੱਖ ਵੋਟ ਦਾ ਗੁਮਾਨ ਕਰਨ ਵਾਲੇ ਪਿਉ-ਪੁੱਤ ਦੀਆਂ ਬਰਾਦਰੀ ਵੱਲੋਂ ਹੀ ਆਸਾਂ 'ਤੇ ਪਾਣੀ ਫੇਰ ਦਿੱਤਾ ਗਿਆ। ਇਥੇ ਇਹ ਵੀ ਵਰਨਣਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਨੂੰ ਮਿਲੀਆਂ 434577 ਵੋਟਾਂ ਦੇ ਮੁਕਾਬਲੇ 2014 ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ 456512 ਵੋਟਾਂ ਪ੍ਰਾਪਤ ਕਰਨ ਵਿੱਚ ਸਫਲ ਰਹੇ ਸਨ ਜਿਸ ਤੋਂ ਜਾਹਰ ਹੈ ਕਿ ਘੁਬਾਇਆ ਨੂੰ ਬਰਾਦਰੀ ਵੱਲੋਂ ਵੀ ਕਿਸੇ ਹੱਦ ਤੱਕ ਨਕਾਰ ਦਿੱਤਾ ਗਿਆ ਹੈ ਅਤੇ ਬਰਾਦਰੀ ਦੇ ਵੋਟ ਬੈਂਕ 'ਤੇ ਬੜ੍ਹਕਾਂ ਮਾਰਨ ਵਾਲੇ ਘੁਬਾਇਆ ਆਪਣਾ ਹੀ ਜੁੱਲੀ ਬਿਸਤਰਾ ਗੋਲ ਕਰਵਾ ਬੈਠੇ।