← ਪਿਛੇ ਪਰਤੋ
ਲੁਧਿਆਣਾ, 24 ਮਈ 2019 - ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਪਹਿਲੀ ਵਾਰ ਅੱਜ ਪੱਤਰਕਾਰਾਂ ਦੇ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਜੰਮ ਕੇ ਕਾਂਗਰਸ ਅਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਰਵਨੀਤ ਬਿੱਟੂ ਨੂੰ ਜਿਤਾਉਣ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਜਿੱਤਣ ਲਈ ਆਖਰੀ ਦੋ ਦਿਨ ਦੇ ਵਿੱਚ ਲੋਕਾਂ ਵਿੱਚ ਖੁੱਲ੍ਹ ਕੇ ਸ਼ਰਾਬ ਅਤੇ ਪੈਸਾ ਵਰਤਾਇਆ ਅਤੇ ਲੋਕਾਂ ਨੂੰ ਆਪਣੀ ਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਹੀ ਉਹ ਇਹ ਜਿੱਤ ਹਾਸਿਲ ਕਰ ਸਕੇ ਨੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਅਫਸਰਾਂ ਨੂੰ ਇਹ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਜੇਕਰ ਉਨ੍ਹਾਂ ਨੇ ਚੋਣਾਂ ਚ ਕਾਂਗਰਸੀ ਉਮੀਦਵਾਰ ਦੀ ਮਦਦ ਨਾ ਕੀਤੀ ਤਾਂ ਉਨ੍ਹਾਂ ਨੂੰ ਮਨਚਾਹੀ ਬਦਲੀਆਂ ਨਹੀਂ ਮਿਲਣਗੀਆਂ ਅਤੇ ਉਨ੍ਹਾਂ ਦੀਆਂ ਤਰੱਕੀਆਂ ਵੀ ਰੁਕ ਸਕਦੀਆਂ ਨੇ ਇਸੇ ਕਰਕੇ ਸਰਕਾਰੀ ਅਫਸਰਾਂ ਦੀ ਅਤੇ ਸਰਕਾਰੀ ਤੰਤਰ ਦੀ ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਦੇ ਦੌਰਾਨ ਜੰਮ ਕੇ ਦੁਰਵਰਤੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਭਗਵੰਤ ਮਾਨ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ। ਬੈਂਸ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਮਿਲੇ ਹੋਏ ਨੇ। ਬੈਂਸ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਦੀ ਲਹਿਰ ਪੂਰੇ ਦੇਸ਼ 'ਚ ਚੱਲੀ ਹੈ ਅਤੇ ਪੰਜਾਬ ਵੀ ਇਸ ਤੋਂ ਪਿੱਛੇ ਨਹੀਂ ਰਿਹਾ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗਾ ਵੱਡਾ ਲੀਡਰ ਵੀ ਮੋਦੀ ਦੇ ਨਾਂ ਤੇ ਹੀ ਅਕਾਲੀ ਦਲ ਲਈ ਵੋਟਾਂ ਮੰਗਦਾ ਨਜ਼ਰ ਆ ਰਿਹਾ ਸੀ। ਇਸੇ ਕਰਕੇ ਗਰੇਵਾਲ ਲਗਪਗ ਤਿੰਨ ਲੱਖ ਵੋਟਾਂ ਲੁਧਿਆਣਾ ਚੋਂ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਐੱਚ ਫੂਲਕਾ ਦੀ ਵੋਟਾਂ ਵੀ ਬੀਜੇਪੀ ਵਿੱਚ ਵੰਡੀ ਗਈ। ਜਿਸ ਦਾ ਨੁਕਸਾਨ ਲੋਕ ਇਨਸਾਫ਼ ਪਾਰਟੀ ਨੂੰ ਹੋਇਆ ਹੈ।
Total Responses : 936