← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ, 19 ਜੂਨ 2019- ਇੱਥੋਂ ਦੇ ਕਸਬਾ ਦੀਨਾਨਗਰ ਦੇ ਪਿੰਡ ਨਿਆਮਤਾਂ ਵਿਖੇ ਛੁੱਟੀ ਕੱਟਣ ਆਏ ਫ਼ੌਜੀ ਵੱਲੋਂ ਆਪਣੇ ਭਰਾ ਨਾਲ ਮਿਲ ਕੇ ਇੱਕ 30 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਦ ਫ਼ੌਜੀ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਫ਼ਿਲਹਾਲ ਕਤਲ ਦੇ ਮੁੱਖ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਲਸ਼ਨ ਕੌਰ ਸੈਣੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਸ ਦਾ 30 ਸਾਲਾ ਭਰਾ ਟਹਿਲ ਸਿੰਘ ਰੋਜ਼ਾਨਾ ਦੀ ਤਰਾਂ ਆਪਣੇ ਪੋਲਟਰੀ ਫਾਰਮ ਤੇ ਗਿਆ। ਜਿੱਥੇ ਪਹਿਲਾਂ ਤੋਂ ਹੀ ਜਸਬੀਰ ਸਿੰਘ ਨਾਮ ਦੇ ਫ਼ੌਜੀ ਜੋ ਕਿ ਦੋ ਦਿਨ ਪਹਿਲਾਂ ਹੀ ਛੁੱਟੀ ਤੇ ਆਇਆ ਸੀ ਅਤੇ ਨਾਲ ਉਸ ਦਾ ਭਰਾ ਮਹਿੰਦਰ ਪਾਲ ਖੜੇ ਸਨ। ਟਹਿਲ ਸਿੰਘ ਦੇ ਪੋਲਟਰੀ ਫਾਰਮ ਤੇ ਪਹੁੰਚਦਿਆਂ ਹੀ ਜਸਬੀਰ ਸਿੰਘ ਅਤੇ ਮਹਿੰਦਰ ਸਿੰਘ ਨੇ ਟਹਿਲ ਸਿੰਘ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੋਲਟਰੀ ਫਾਰਮ ਦੇ ਕਰਮਚਾਰੀ ਨੇ ਟਹਿਲ ਸਿੰਘ ਨੂੰ ਛੁਡਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਪਰ ਫ਼ੌਜੀ ਜਸਬੀਰ ਸਿੰਘ ਨੇ ਆਪਣੀ ਰਿਵਾਲਵਰ ਨਾਲ ਟਹਿਲ ਸਿੰਘ ਦੇ ਗੋਲੀ ਮਾਰ ਦਿੱਤੀ। ਮਿਰਤਕ ਦੀ ਭੈਣ ਗੁਲਸ਼ਨ ਕੌਰ ਦੇ ਮੁਤਾਬਿਕ ਜਦੋਂ ਟਹਿਲ ਸਿੰਘ ਗੋਲੀ ਲੱਗਣ ਕਾਰਨ ਬੇਸੁਰਤ ਹੋ ਕੇ ਜ਼ਮੀਨ ਤੇ ਡਿਗ ਪਿਆ ਤਾਂ ਫ਼ੌਜੀ ਨੇ ਦੁਬਾਰਾ ਤੋਂ ਟਹਿਲ ਸਿੰਘ ਦੇ ਮੱਥੇ 'ਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੌਰਾਨ ਭੈਣ ਗੁਲਸ਼ਨ ਅਤੇ ਕਰਮਚਾਰੀ ਦੇ ਰੌਲਾ ਪਾਉਣ ਤੇ ਫ਼ੌਜੀ ਜਸਬੀਰ ਸਿੰਘ ਅਤੇ ਉਸ ਦਾ ਭਰਾ ਮਹਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਉਪਰੰਤ ਟਹਿਲ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲੈ ਜਾਇਆ ਗਿਆ। ਜਿੱਥੋਂ ਦੇ ਡਾਕਟਰਾਂ ਨੇ ਟਹਿਲ ਸਿੰਘ ਨੂੰ ਮਿਰਤਕ ਐਲਾਨ ਦਿੱਤਾ। ਉੱਥੇ ਦੂਜੇ ਪਾਸੇ ਥਾਣਾ ਦੀਨਾਨਗਰ ਮੁਖੀ ਮਨਜੀਤ ਕੌਰ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਫ਼ੌਜੀ ਜਸਬੀਰ ਸਿੰਘ ਅਤੇ ਉਸ ਭਰਾ ਮਹਿੰਦਰ ਪਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫ਼ਿਲਹਾਲ ਦੋਵੇਂ ਮੁਲਜ਼ਮ ਫ਼ਰਾਰ ਹਨ ਅਤੇ ਪੁਲਿਸ ਵੱਲੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੇਖੋ ਵੀਡੀਓ...
https://youtu.be/hG3m0AVJpc0
Total Responses : 936