ਬਠਿੰਡਾ, 12 ਅਗਸਤ 2019 - ਸੋਸ਼ਲ ਮੀਡੀਆ 'ਤੇ ਇੱਕ ਪੁਲਿਸ ਵਾਲੇ ਵੱਲੋਂ ਨੌਜਵਾਨ ਦੇ ਥੱਪੜ ਮਾਰਨ ਦਾ ਵੀਡੀੳ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀੳ ਬਠਿੰਡਾ ਦਾ ਦੱਸਿਆ ਜਾ ਰਿਹਾ ਹੈ ਜਿਥੇ ਇੱਕ ਨੌਜਵਾਨ ਸਕੌਡਾ ਕਾਰ 'ਚ ਆਪਣੀ ਫੈਮਿਲੀ ਨਾਲ ਨਾਕੇ ਤੋਂ ਥੋੜ੍ਹਾ ਅੱਗੇ ਜਾ ਕੇ ਰੁਕਿਆ ਤਾਂ ਪੁਲਿਸ ਕਰਮੀ ਨੇ ਆ ਕੇ ਉਸਦੇ ਥੱਪੜ ਜੜ ਦਿੱਤਾ।
ਥੱਪੜ ਮਾਰਨ ਵਾਲੇ ਪੁਲਿਸ ਕਰਮੀ ਦਾ ਨਾਮ ਇੰਸਪੈਕਟਰ ਨਰਿੰਦਰ ਦੱਸਿਆ ਜਾ ਰਿਹਾ ਹੈ ਜਿਸਨੇ ਨੌਜਵਾਨ ਦੇ ਥੱਪੜ ਮਾਰ ਕਾਰ ਦੀ ਚਾਬੀ ਕੱਢ ਲਈ। ਪੁਲਿਸ ਕਰਮੀ ਦੀ ਇਸ ਹਰਕਤ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਿਆ ਜਾ ਰਿਹਾ ਹੈ ਤੇ ਉਸ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਇਸ ਵੀਡੀੳ ਸਬੰਧੀ ਬਾਬੂਸ਼ਾਹੀ ਨੇ ਜਦੋਂ ਐਸਐਸਪੀ ਬਠਿੰਡਾ ਨਾਨਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਡੀਐਸਪੀ ਤੋਂ ਮੰਗਲਵਾਰ ਤੱਕ ਲਿਖਤੀ ਰਿਪੋਰਟ ਮੰਗੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਨੌਜਵਾਨ ਤੋਂ ਕਾਰ ਦੇ ਕਾਗਜ਼ ਮੰਗੇ ਸਨ ਪਰ ਨੌਜਵਾਨ ਵੱਲੋਂ ਕਾਰ ਨੂੰ ਦੌੜਾ ਲਿਆ ਗਿਆ। ਪਰ ਸਵਾਲ ਉੱਠਦਾ ਹੈ ਜੇਕਰ ਨੌਜਵਾਨ ਕਾਰ ਭਜਾਉਂਦਾ ਤਾਂ ਉਸਨੇ ਕਾਰ ਅੱਗੇ ਜਾ ਕੇ ਰੋਕਣੀ ਕਿਉਂ ਸੀ। ਫਿਲਹਲ ਉੱਚ ਅਧਿਕਾਰੀ ਇਸ ਮਸਲੇ ਦੀ ਜਾਂਚ ਕਰ ਰਹੇ ਹਨ।