ਚੰਡੀਗੜ੍ਹ, 14 ਅਗਸਤ 2019 - ਸ਼ੋ੍.ਅ.ਦ. ਟਕਸਾਲੀ ਦੇ ਸਕੱਤਰ ਜਰਨਲ ਤੇ ਮੁੱਖ ਬੁਲਾਰੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦਿੱਲੀ ਪ੍ਸ਼ਾਸਨ ਦੁਆਰਾ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੁਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਕਰਨ ਲੱਗੇ ਸ਼ਰਮ ਆਉਣੀ ਚਾਹੀਦੀ ਹੈ । ਇਸ ਘਟਨਾ ਨਾਲ ਜਿੱਥੇ ਦਲਿਤ ਭਰਾਵਾਂ ਦੇ ਹਿਰਦੇ ਤੇ ਸੱਟ ਵੱਜੀ ਹੈ ਉੱਥੇ ਸਿੱਖ ਸੰਗਤ ਦੇ ਮਨਾਂ ਵਿੱਚ ਵੀ ਭਰਪੂਰ ਰੋਹ ਹੈ ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸੰਨ 1497-98 ਕਰੀਬ ਇਹ ਜ਼ਮੀਨ ਜੋ ਕਿ ਉਸ ਸਮੇਂ 700 ਏਕੜ ਕਰੀਬ ਸੀ ਤਤਕਾਲੀ ਮੁਗਲ ਬਾਦਸ਼ਾਹ ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਜੀ ਨੂੰ ਸਤਿਸੰਗ ਕਰਨ ਵਾਸਤੇ ਭੇਟ ਕਰ ਦਿੱਤੀ ਸੀ । ਬਾਦਸ਼ਾਹ ਸਿਕੰਦਰ ਲੋਧੀ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਸੀ ਜਿਸ ਕਾਰਨ ਉਹ ਰਵਿਦਾਸ ਜੀ ਦਾ ਮੁਰੀਦ ਹੋ ਗਿਆ ਸੀ ਤੇ ਉਸਨੇ ਸਤਿਸੰਗ ਕਰਨ ਵਾਸਤੇ ਇਹ ਜ਼ਮੀਨ ਦਾਨ ਕਰ ਦਿੱਤੀ । ਅੱਜ ਦੇ ਸਮੇਂ ਸਥਿਤੀ ਇਹ ਸੀ ਕਿ ਸਿਰਫ 5 ਏਕੜ ਜ਼ਮੀਨ ਹੀ ਰਵਿਦਾਸ ਮੰਦਰ ਕਮੇਟੀ ਲੋਕ ਬਚੀ ਹੋਈ ਸੀ ਕਿਉਂਕਿ ਲੋਕਾਂ ਅਤੇ ਦਿੱਲੀ ਡਿਵੈਲਪਮੈਂਟ ਅਥਾਰਟੀ ਦੁਆਰਾ ਸਮੇਂ ਸਮੇਂ ਇਸਤੇ ਕਬਜਾ ਕੀਤਾ ਜਾਂਦਾ ਰਿਹਾ । ਕਾਫੀ ਸਮੇਂ ਤੋਂ ਇਸ ਜ਼ਮੀਨ ਦਾ ਕੇਸ ਚੱਲ ਰਿਹਾ ਸੀ । ਸੁਪਰੀਮ ਕੋਰਟ ਵਿੱਚ ਮੰਦਰ ਕਮੇਟੀ ਇਹ ਕੇਸ ਹਾਰ ਗਈ । ਜਿਸਦਾ ਮੁੱਖ ਕਾਰਨ ਇਹ ਰਿਹਾ ਕਿ ਸੁਪਰੀਮ ਕੋਰਟ ਦੇ ਵਕੀਲ ਦੀ ਫੀਸ ਬਹੁਤ ਜਿਆਦਾ ਹੋਣ ਕਰਕੇ ਮੰਦਰ ਕਮੇਟੀ ਦੇ ਬਜਟ ਤੋਂ ਬਾਹਰ ਸੀ ਤੇ ਸਹੀ ਤਰੀਕੇ ਨਾਲ ਕਮੇਟੀ ਤੋਂ ਆਪਣਾ ਪੱਖ ਪੇਸ਼ ਨਾ ਹੋ ਸਕਿਆ ਜਿਸ ਕਰਕੇ ਕੇਸ ਹਾਰ ਗਏ । ਪ੍ਸ਼ਾਸਨ ਨੇ 9/8/2019 ਦੇਰ ਰਾਤ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਮੰਦਰ ਦੀ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ।
ਇਹੋ ਜਿਹੀਆਂ ਇਤਿਹਾਸਿਕ ਵਿਰਾਸਤਾਂ ਨੂੰ ਤਾਂ ਸੰਭਾਲ ਕੇ ਰੱਖਿਆ ਜਾਂਦਾ ਹੈ ਜਿਸ ਲਈ ਦੇਸ਼ ਦਾ ਆਰਕਿਉਲਾਜੀ ਮਹਿਕਮਾ ਬਣਿਆ ਹੋਇਆ ਹੈ । ਕਿੰਨੀਆਂ ਹੀ ਇਤਿਹਾਸਿਕ ਯਾਦਗਾਰਾਂ ਇਸ ਦੇਸ਼ ਵਿੱਚ ਸਾਂਭੀਆਂ ਗਈਆਂ ਹਨ । ਇਸ ਦੀ ਮਿਸਾਲ ਪੰਜਾਬ ਵਿੱਚ ਹੀ ਅਰਬਾਂ ਰੁਪਏ ਖਰਚ ਕਰਕੇ ਕਾਇਮ ਕੀਤੀਆਂ ਗਈਆਂ ਸਿੱਖ ਇਤਿਹਾਸਿਕ ਯਾਦਗਾਰਾਂ ਹਨ । ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਇਤਿਹਾਸਿਕ ਯਾਦਗਾਰ ਜੋ ਕਿ ਸਿਰਫ 5 ਏਕੜ ਹੀ ਬਚੀ ਹੈ ਉਸਨੂੰ ਸਾਂਭਣ ਦਿ ਬਜਾਏ ਖਤਮ ਕਰਨ ਤੇ ਸਰਕਾਰ ਨੇ ਜੋਰ ਲਾਇਆ । ਇਹ ਮਾਮਲਾ ਕੋਰਟ ਵਿੱਚ ਲੈਕੇ ਜਾਣ ਦੀ ਥਾਂ ਇਸ ਮੰਦਰ ਨੂੰ ਸੰਭਾਲਣਾ ਚਾਹੀਦਾ ਸੀ । ਹੁਣ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪੁਰਾਤਨ ਯਾਦਗਾਰ ਦੀ ਮੁੜ ਉਸਾਰੀ ਕਰਵਾਕੇ ਮੰਦਰ ਕਮੇਟੀ ਨੂੰ ਸੌਂਪਿਆ ਜਾਵੇ ਤਾਂ ਜੋ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਦੇ ਹਿਰਦੇ ਸ਼ਾਂਤ ਹੋ ਸਕਣ ।
ਅਖੀਰ ਵਿੱਚ ਜਥੇਦਾਰ ਸੇਖਵਾਂ ਨੇ ਕਿਹਾ ਕਿ ਸ਼ੋ੍.ਅ.ਦ. ਟਕਸਾਲੀ ਤੇ ਸਾਰੀ ਸਿੱਖ ਸੰਗਤ ਇਸ ਦੁੱਖ ਦੀ ਘੜੀ ਵਿੱਚ ਦਲਿਤ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ । ਉਹਨਾਂ ਕੇਂਦਰ ਸਰਕਾਰ ਨੂੰ ਫਿਟਕਾਰ ਪਾਉਂਦੇ ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਨਾਲ ਧੱਕਾ ਕਰਨਾ ਬੰਦ ਕੀਤਾ ਜਾਵੇ ਨਹੀਂ ਤਾਂ ਇਹ ਇਸ ਦੇਸ਼ ਲਈ ਬਹੁਤ ਨੁਕਸਾਨਦੇਹ ਹੋਵੇਗਾ ।