ਗੁਰਨਾਮ ਸਿੱਧੂ
ਫਿਰੋਜ਼ਪੁਰ 15 ਨਵੰਬਰ 2019 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੱਖੂ ਦੀ ਕੌਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਮੀਤ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਾਂਭਣ ਲਈ ਸੁਪਰੀਮ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ 5 ਏਕੜ ਤੱਕ ਤੇ 2500 ਰੁਪਏ ਤੇ 1121 ਬਾਸਮਤੀ ਦੀ ਪਰਾਲੀ ਸਾਂਭਣ ਨੂੰ ਕੋਈ ਰਾਹਤ ਨਾ ਦੇਣਾ ਸਰਕਾਰ ਦੀ ਵੱਡੀ ਨਿਕਾਮੀ ਹੈ ਅਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਪਰਾਲੀ ਸਾਂਭਣ ਲਈ ਕਿਸਾਨਾਂ ਨੂੰ 6 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਜਾਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ ਤਾਂ ਜ ਕਿਸਾਨ ਆਪਣੀ ਪਰਾਲੀ ਦੀ ਸਾਂਭ ਸੰਭਾਲ ਕਰ ਸਕਣ। ਆਗੂਆਂ ਨੇ ਸਖਤੀ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਛਵੀਂ ਬਚਾਉਣ ਲਈ ਕਿਸਾਨਾਂ ਉਪਰ ਪਰਾਲੀ ਸਾੜਣ ਦੇ ਕੀਤੇ ਪਰਚੇ ਰੱਦ ਕੀਤੇ ਜਾਣ, ਜਥੇਬੰਦਕ ਤੌਰ ਤੇ ਕਿਸੇ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਕਰਨ ਦਿੱਤਾ ਜਾਵੇਗਾ ਤੇ ਪਿੰਡਾਂ ਵਿਚ ਆਏ ਪ੍ਰਸ਼ਾਸਨ ਦਾ ਘਿਰਾਓ ਕੀਤਾ ਜਾਵੇਗਾ।
ਜ਼ੀਰਾ ਥਾਣਾ ਮੂਹਰੇ ਲੱਗੇ ਧਰਨੇ 'ਤੇ ਇੰਦਰਜੀਤ ਸਿੰਘ ਜ਼ੀਰਾ ਦੇ ਬੰਦਿਆਂ ਵੱਲੋਂ ਧਰਨਾਕਾਰੀਆਂ ਉਪਰ ਕੀਤੇ ਹਮਲੇ ਦੌਰਾਨ ਕੀਤੀ ਸੰਦਾਂ ਦੀ ਭੰਨਤੋੜ ਦਾ ਪੰਜਾਬ ਸਰਕਾਰ ਵੱਲੋਂ ਮੰਨੀ ਹੋਈ ਮੰਗ ਮੁਤਾਬਿਕ ਇਕ ਲੱਖ 64 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਇੰਨਕੁਆਰੀਆਂ ਮੁਕੰਮਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕੈਪਟਨ ਸਰਕਾਰ ਚੋਣ ਵਾਅਦਿਆਂ ਮੁਤਾਬਿਕ ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜਾ ਖਤਮ ਕਰੇ।
ਇਸ ਮੌਕੇ ਸੁਰਿੰਦਰ ਸਿੰਘ ਘੁੱਦੂਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਜਰਨੈਲ ਸਿੰਘ ਕੁੱਸੂਵਾਲਾ ਮੋੜ, ਬਲਕਾਰ ਸਿੰਘ ਜੋਗੇਵਾਲਾ, ਜਗਤਾਰ ਸਿੰਘ ਝਾਮਕੇ, ਜਰਨੈਲ ਸਿੰਘ ਵਾਰਸ ਵਾਲਾ ਜੱਟਾ, ਗੁਰਭੇਜ ਸਿੰਘ ਫੇਮੀਵਾਲਾ, ਲਖਵਿੰਦਰ ਸਿੰਘ ਜੋਗੇਵਾਲਾ ਆਦਿ ਆਗੂ ਹਾਜ਼ਰ ਸਨ।