ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ: 1 ਦਸੰਬਰ 2019 : ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੀ-ਸੁੱਚੀ ਕਿਰਤ ਕਰਨ ਤੇ ਵੰਡ ਛਕਣ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਸਮਾਜ ਸੇਵਕ ਤੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ ਵੱਡੇ ਪੱਧਰ ਸੇਵਾ ਕਾਰਜਾਂ ਕਰਨ ਉਪਰੰਤ ਹੁਣ ਪਾਕਿਸਤਾਨ ਵਿੱਚ ਵੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ।
ਆਪਣੇ ਪਾਕਿਸਤਾਨ ਦੌਰੇ ਤੋਂ ਵਾਪਸ ਭਾਰਤ ਪਹੁੰਚੇ ਡਾ.ਐੱਸ.ਪੀ.ਸਿੰਘ ਓਬਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਹੁਤ ਹੀ ਜਲਦ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲੰਗਰ ਦੀ ਸਹੂਲਤ ਲਈ ਆਟਾ ਗੁੰਨ੍ਹਣ,ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ 'ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇਹ ਮਸ਼ੀਨਾਂ ਲੱਗਣ ਤੋਂ ਬਾਅਦ ਟਰੱਸਟ ਵੱਲੋਂ ਛੇਤੀ ਹੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਖੇ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਵਰਤੋਂ 'ਚ ਲਿਆਉਣ ਲਈ ਟਰੱਸਟ ਵੱਲੋਂ ਆਪਣੇ ਖ਼ਰਚ ਤੇ ਚਾਰ ਵਿਅਕਤੀਆਂ ਨੂੰ ਦੁਬਈ ਲੈ ਜਾ ਕੇ ਟੈਕਨੀਕਲ ਟਰੇਨਿੰਗ ਵੀ ਦਿੱਤੀ ਜਾਵੇਗੀ। ਜਿਸ ਸਦਕਾ ਸਾਰੇ ਗੁਰਦੁਆਰਾ ਸਾਹਿਬ ਅੰਦਰ ਪੂਰੀ ਮਰਿਆਦਾ ਅਨੁਸਾਰ ਲੰਗਰ ਤਿਆਰ ਹੋ ਸਕੇਗਾ।
ਡਾਕਟਰ ਓਬਰਾਏ ਨੇ ਇਹ ਵੀ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ “ਗੁਰੂ ਨਾਨਕ ਚੇਅਰ” ਵੀ ਸਥਾਪਤ ਕੀਤੀ ਜਾ ਰਹੀ ਹੈ,ਜਿਸ ਅੰਦਰ ਬਣਨ ਵਾਲੇ ਰਿਸਰਚ ਸੈਂਟਰ 'ਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਤੇ ਖੋਜ ਕਰਨ ਦੇ ਨਾਲ-ਨਾਲ ਗੁਰੂ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਕਾਰਜ ਲਈ ਇੱਕ ਨਿਸ਼ਚਿਤ ਰਕਮ ਬੈਂਕ ਅੰਦਰ ਫਿਕਸ ਕਰਵਾ ਦਿੱਤੀ ਜਾਵੇਗੀ,ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ, ਉਸ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖ਼ਰਚ ਕੀਤਾ ਜਾਵੇਗਾ।। ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵੱਲੋਂ ਟਰੱਸਟ ਨੂੰ ਦਿੱਤਾ ਜਾਵੇਗਾ।