ਫਿਰੋਜ਼ਪੁਰ, 23 ਸਤੰਬਰ 2020 - ਫਿਰੋਜ਼ਪੁਰ ਸ਼ਹਿਰ ਸਥਿਤ ਸਿਵਲ ਹਸਪਤਾਲ ਦੇ ਕੋਲ ਝਪਟਮਾਰਾਂ ਵੱਲੋਂ ਇਕ ਔਰਤ ਦੇ ਗਲੇ ਵਿਚ ਪਾਈ ਖੰਡੇ ਦੇ ਲਾਕਟ ਵਾਲੀ ਸੋਨੇ ਦੀ ਚੈਨ ਖੋਹਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ 379-ਬੀ, 323, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਿੰਪੀ ਪਤਨੀ ਨਵੀਨ ਕੁਮਾਰ ਵਾਸੀ ਮਕਾਨ ਨੰਬਰ 358 ਹਾਊਸਿੰਗ ਬੋਰਡ ਕਾਲੌਨੀ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਜੋ ਘਰੇਲੂ ਕੰਮ ਕਰਦੀ ਹੈ ਅਤੇ ਉਸ ਦਾ ਆਪਣੇ ਪਤੀ ਨਾਲ ਝਗੜਾ ਹੋਣ ਕਰਕੇ ਆਪਣੇ ਮਾਤਾ ਪਿਤਾ ਕੋਲ ਰਹਿੰਦੀ ਹੈ।
ਰਿੰਪੀ ਨੇ ਦੱਸਿਆ ਕਿ ਮਿਤੀ 21 ਸਤੰਬਰ 2020 ਨੂੰ ਸਵਾ 8 ਵਜੇ ਰਾਤ ਨੂੰ ਉਹ ਆਪਣੀ ਵੱਡੀ ਭੈਣ ਨੀਤੂ ਨਾਲ ਐਕਟਿਵਾ ਤੇ ਬਾਜ਼ਾਰ ਗਈਆਂ ਸਨ। ਜਦ ਉਹ ਵਾਪਸ ਆ ਰਹੀਆਂ ਸਨ ਤਾਂ ਨੇੜੇ ਮੈਡੀਕਲ ਸਟੋਰਾਂ, ਸਿਵਲ ਹਸਪਤਾਲ ਰੋਡ ਕੋਲ ਪਹੁੰਚਣ ਤੇ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਜਿੰਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਜਿਨ੍ਹਾਂ ਨੇ ਉਸ ਦੇ ਗਲ ਵਿਚ ਪਾਈ ਖੰਡੇ ਦੇ ਲਾਕਟ ਵਾਲੀ ਸੋਨੇ ਦੀ ਚੈਨ ਖੋਹ ਕੇ ਮੋਟਰਸਾਈਕਲ ਭਜਾ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।