ਅਸ਼ੋਕ ਵਰਮਾ
ਬਠਿੰਡਾ, 23 ਸਤੰਬਰ 2020 - ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ‘ਬੁਨਿਆਦੀ ਤਾਲੀਮ ਤੋਂ ਕੌਮੀ ਸਿੱਖਿਆ ਨੀਤੀ 2020’ ਵਿਸ਼ੇ ਤੇ ਵੈਬਿਨਾਰ ਕਰਵਾਇਆ। ਨੈਸਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੇ ਸਾਬਕਾ ਡਾਇਰੈਕਟਰ ਅਤੇ ਐਨ.ਸੀ.ਟੀ.ਈ. ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਜਗਮੋਹਨ ਸਿੰਘ ਰਾਜਪੂਤ ਵੈਬੀਨਾਰ ਦੇ ਮੁੱਖ ਬੁਲਾਰੇ ਸਨ। ਪ੍ਰੋ. ਐਸ.ਕੇ. ਬਾਵਾ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋ. ਜਗਮੋਹਨ ਵਿਦਵਾਨ ਦੇ ਨਾਲ ਨਾਲ ਲੇਖਕ ਵੀ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਉੰਨਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ੍ਰੋ. ਜਗਮੋਹਨ ਸਿੰਘ ਰਾਜਪੂਤ ਨੇ ਕਿਹਾ ਕਿ 21ਵੀਂ ਸਦੀ ਵਿੱਚ ਖੋਜ ਅਤੇ ਨਵੀਂ ਤਕਨੀਕ ਤੇ ਧਿਆਨ ਕੇਂਦਿ੍ਰਤ ਕਰਕੇ ਐਨਈਪੀ-2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਹਰ ਨਾਗਰਿਕ ਨੂੰ ਹੁਨਰ-ਅਧਾਰਤ ਸਿਖਿਆ ਪ੍ਰਦਾਨ ਕਰਕੇ ਹੀ ਸਫਲਤਾ ਹਾਸਲ ਕੀਤੀ ਜਾ ਸਕੇਗੀ। ਉਨਾਂ ਕਿ ਐਨਈਪੀ -2020 ਦੀਆਂ ਸਾਰੀਆਂ ਜਰੂਰੀ ਚੀਜਾਂ ਨੂੰ ਲਾਗੂ ਕਰਨਾ ਉਦੋਂ ਹੀ ਸੰਭਵ ਹੋਵੇਗਾ ਜਦੋਂ ਮਹਾਤਮਾ ਗਾਂਧੀ ਵੱਲੋਂ 1937 ਵਿੱਚ ਪੇਸ਼ ਕੀਤੀ ਗਈ ‘ਵਰਧਾ ਸਕੀਮ’ ਬਾਰੇ ਵਿਚਾਰ ਕੀਤਾ ਜਾਏਗਾ ਜਿਸਦਾ ਉਦੇਸ਼ ਵਿਅਕਤੀ ਦੇ ਸ਼ਰੀਰ, ਮਨ ਅਤੇ ਆਤਮਾ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣੇ ਮਸੌਦੇ ਰਾਹੀਂ ਭਾਰਤੀ ਸਿੱਖਿਆ ਪ੍ਰਣਾਲੀ ’ਚ ਵੱਡਾ ਯੋਗਦਾਨ ਪਾਇਆ ਹੈ। ਉਨਾਂ ਆਪਣੇ ਆਸ਼ਰਮ ’ਚ ਕਦਰਾਂ ਕੀਮਤਾਂ ਅਧਾਰਤ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਤੇ ਜੋਰ ਦਿੱਤਾ।
ਪ੍ਰੋ. ਜਗਮੋਹਨ ਨੇ ਦੱਸਿਆ ਕਿ ਆਚਾਰੀਆ ਵਿਨੋਬਾ ਭਾਵੇ ਬੁਨਿਆਦੀ ਤਲੀਮ ਨੂੰ ਨਵੇਂ ਸਮਾਜ ਦੀ ਸਿਰਜਣਾ ਦਾ ਨਮੂਨਾ ਮੰਨਦੇ ਸਨ। ਉਨਾਂ ਕਿਹਾ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਹਰ ਬੱਚੇ ਵਿੱਚ ਵਿਚਾਰਾਂ ਅਤੇ ਕਲਪਨਾ ਦੀ ਸ਼ਕਤੀ ਹੋਣ ਬਾਰੇ ਵੀ ਦੱਸਿਆ ਸੀ ਜਿਸ ਦੇ ਅਧਾਰ ਤੇ ਮੁਢਲੀ ਸਿੱਖਿਆ ਨੂੰ ਉਸ ਦੀ ਸਿਰਜਣਾਤਮਕਤਾ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਐਨਈਪੀ-2020 ਵਿੱਚ ਬੁਨਿਆਦੀ ਸਿੱਖਿਆ ਦੇ ਸਾਰੇ ਤੱਤ ਸ਼ਾਮਲ ਹਨ ਅਤੇ ਇਹ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਵਿਸਵਵਿਆਪੀ ਬੁੱਧੀਜੀਵੀ ਨਾਗਰਿਕਾਂ ਨੂੰ ਪੈਦਾ ਕਰਨ ਤੇ ਕੇਂਦਿ੍ਰਤ ਹਨ।
ਵਾਈਸ-ਚਾਂਸਲਰ ਪ੍ਰੋ. ਤਿਵਾੜੀ ਨੇ ਪ੍ਰਭਾਵਸ਼ਾਲੀ ਭਾਸ਼ਨ ਲਈ ਮੁੱਖ ਬੁਲਾਰੇ ਦੀ ਸ਼ਲਾਘਾ ਕਰਦਿਆਂ ਮੁਢਲੀ ਸਿੱਖਿਆ ਦੇ ਪ੍ਰਸੰਗ ਵਿੱਚ ਐਨਈਪੀ -2020 ਦੇ ਸਾਰੇ ਪਹਿਲੂਆਂ ਤੇ ਚਾਨਣਾ ਪਾਇਆ। ਅੰਤ ਵਿੱਚ, ਰਜਿਸਟਰਾਰ ਸ੍ਰੀ ਕੇ.ਪੀ.ਐਸ. ਮੁੰਦਰਾ ਨੇ ਸਭ ਦਾ ਧੰਨਵਾਦ ਕੀਤਾ। ਵੈਬਿਨਾਰ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ. ਵੁਸਿਰੀਕਾ, ਯੂਨੀਵਰਸਿਟੀ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ।