ਵੈਨਕੂਵਰ, 21 ਜੂਨ 2019 - ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਜੱਸੀ ਸਿੱਧੂ ਦੇ ਕਤਲ ਮਾਮਲੇ 'ਚ ਇੱਕ ਹੋਰ ਸ਼ਖਸ ਨੂੰ ਕੈਨੇਡਾ ਵੱਲੋਂ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ। ਜੱਸੀ ਸਿੱਧੂ ਦੇ ਕਤਲ ਦੇ ਦੋਸ਼ 'ਚ ਦੋਸ਼ੀ ਦਰਸ਼ਨ ਸਿੰਘ ਸਿੱਧੂ ਦੇ ਬੇਟੇ ਬਰਿੰਦਰ ਸਿੰਘ ਸਿੱਧੂ ਖਿਲਾਫ ਕੈਨੇਡੀਅਨ ਇਮੀਗ੍ਰੇਸ਼ਨ 'ਚ ਸੁਣਵਾਈ ਹੋਏਗੀ ਜਿਸ ਤੋਂ ਬਾਅਦ ਉਸਦੀ ਕਿਸਮਤ ਦਾ ਫੈਸਲਾ ਤੈਅ ਹੋਏਗਾ।
ਅੰਗ੍ਰੇਜ਼ੀ ਮੈਗਜ਼ੀਨ 'ਦਰਪਨ' 'ਚ ਛਪੀ ਰਿਪੋਰਟ ਅਨੁਸਾਰ ਦਰਸ਼ਨ ਸਿੰਘ ਸਿੱਧੂ ਜੱਸੀ ਸਿੱਧੂ ਦੇ ਮਾਂ ਤੇ ਮਾਮੇ ਦੇ ਕਹਿਣ 'ਤੇ ਜੱਸੀ ਸਿੱਧੂ ਦੇ ਕਤਲ ਦੀ ਸਾਜਿਸ਼ ਘੜਨ ਵਾਲਿਆਂ 'ਚੋਂ ਇੱਕ ਸੀ। ਅਕਤੂਬਰ ੨੦੦੫ 'ਚ ਭਾਰਤੀ ਅਦਾਲਤ ਨੇ ਜੱਸੀ ਸਿੱਧੂ ਦੇ ਕਤਲ ਕੇਸ 'ਚ ਕੁੱਲ 11 ਮੁਲਜ਼ਮਾਂ 'ਚੋਂ 7ਨੂੰ ਸਜ਼ਾ ਸੁਣਾਈ ਸੀ ਜਿਸ 'ਚ ਦਰਸ਼ਨ ਸਿੰਘ ਸਿੱਧੂ ਵੀ ਸ਼ਾਮਲ ਸੀ। ਸਜ਼ਾ ਸੁਣਾਏ ਜਾਣ ਤੋਂ 3 ਸਾਲ ਬਾਅਦ ਪੈਰੋਲ 'ਤੇ ਬਾਹਰ ਆਇਆ ਦਰਸ਼ਨ ਸਿੰਘ ਸਿੱਧੂ ਸਾਲ 2008 'ਚ ਆਪਣੀ ਪਤਨੀ ਤੇ ਬੇਟੇ ਬਰਿੰਦਰ ਸਿੰਘ ਸਿੱਧੂ ਨਾਲ 'ਚ ਕੈਨੇਡਾ ਆ ਗਿਆ ਸੀ। ਦਰਸ਼ਨ ਸਿੰਘ ਸਿੱਧੂ ਦੀ ਧੀ, ਜੋ ਕੈਨੇਡਾ 'ਚ ਵਿਆਹੀ ਹੋਈ ਸੀ, ਨੇ ਪੱਕੇ ਤੌਰ 'ਤੇ ਆਪਣੇ ਪਿਤਾ ਦਰਸ਼ਨ ਸਿੰਘ ਸਿੱਧੂ, ਭਰਾ ਬਰਿੰਦਰ ਸਿੰਘ ਸਿੱਧੂ ਤੇ ਮਾਂ ਨੂੰ ਕੈਨੇਡਾ ਬੁਲਾਇਆ ਸੀ। ਬਰਿੰਦਰ ਸਿੰਘ ਸਿੱਧੂ ਦੀ ਉਮਰ ਉਸ ਵਕਤ 25 ਸਾਲ ਦੀ ਸੀ।
ਰਿਪੋਰਟ ਮੁਤਾਬਕ ਸਾਲ 2015 'ਚ ਕੋਰਟ ਨੇ ਦਰਸ਼ਨ ਸਿੰਘ ਸਿੱਧੂ ਨੂੰ ਇਸ ਕੇਸ 'ਚੋਂ ਰਿਹਾਅ ਕਰ ਦਿੱਤਾ। ਇਸੇ ਸਾਲ ਇਮੀਗ੍ਰੇਸ਼ਨ ਅਫਸਰ ਨੇ ਕੈਨੇਡਾ 'ਚ ਬਰਿੰਦਰ ਸਿੰਘ ਸਿੱਧੂ ਖਿਲਾਫ ਇੱਕ ਰਿਪੋਰਟ ਫਾਈਲ ਕਰ ਦਿੱਤੀ ਕਿ ਬਰਿੰਦਰ ਸਿੱਧੂ ਨੇ ਆਪਣੇ ਪਿਤਾ ਦਰਸ਼ਨ ਸਿੱਧੂ ਦੀ ਸਜ਼ਾ ਬਾਰੇ ਨਹੀਂ ਦੱਸਿਆ। ਜਿਸ ਤੋਂ ਬਾਅਦ ਬਰਿੰਦਰ ਸਿੱਧੂ ਦੇ ਵਕੀਲ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਕਿ ਬਰਿੰਦਰ ਸਿੱਧੂ ਕੈਨੇਡਾ 'ਚ ਕਰੀਬ 10 ਸਾਲ ਤੋਂ ਆਪਣੀ ਪਤਨੀ ਤੇ ਦੋ ਬੱਚਿਆਂ, ਜੋ ਕੈਨੇਡਾ ਦੇ ਹੀ ਜੰਮਪਲ ਹਨ, ਨਾਲ ਰਹਿ ਰਿਹਾ ਹੈ। ਜਿਸ ਤੋਂ ਬਾਅਦ ਫੈਡਰਲ ਕੋਰਟ ਆਫ ਅਪੀਲ ਨੇ ਬਰਿੰਦਰ ਸਿੱਧੂ ਦੀ ਨਵੀਂ ਇਮੀਗ੍ਰੇਸ਼ਨ ਸੁਣਵਾਈ ਦੇ ਹੁਕਮ ਦਿੱਤੇ ਹਨ, ਜੋ ਕਿ ਤੈਅ ਕਰੇਗੀ ਕਿ ਬਰਿੰਦਰ ਸਿੱਧੂ ਕੈਨੇਡਾ ਰਹਿ ਪਾਉਣਗੇ ਜਾਂ ਫੇਰ ਆਪਣੇ ਪਿਤਾ ਦੀ ਸਜ਼ਾ ਲੁਕਾਉਣ ਦੇ ਜ਼ੁਰਮ 'ਚ ਕੈਨੇਡਾ ਤੋਂ ਡਿਪੋਰਟ ਕਰ ਦਿੱਤੇ ਜਾਣਗੇ।