ਬਰੈਂਪਟਨ, 22 ਜੂਨ 2019 - ਲੰਘੇ ਦਿਨੀਂ ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਚੜ੍ਹਦੀ ਉਮਰੇ ਕਿਸੇ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਇੰਟਰਨੈਸ਼ਨਲ ਸਟੂਡੈਂਟ ਗੁਰਜੋਤ ਸਿੰਘ ਧਾਲੀਵਾਲ ਦਾ ਪਿੰਡ ਥੰਮਣਗੜ੍ਹ (ਅੱਡਾ ਕੁੱਤੀਵਾਲ) ਸੀ। ਜਾਣਕਾਰੀ ਮਿਲੀ ਹੈ ਕਿ ਗੁਰਜੋਤ ਅਤੇ ਉਸਦੀ ਭੈਣ ਨੂੰ ਦਾਦਕੇ ਪਰਿਵਾਰ ਨੇ ਪਾਲਿਆ ਸੀ ਕਿਉਂਕਿ ਉਸਦੇ ਮਾਤਾ-ਪਿਤਾ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਦ ਗੁਰਜੋਤ ਸਿਰਫ ਢਾਈ ਸਾਲ ਦਾ ਹੀ ਸੀ।
ਗੁਰਜੋਤ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਤੇ ਉਸਦਾ ਕਤਲ ਹੋਣ ਤੋਂ ਇੱਕ ਦਿਨ ਬਾਅਦ ਗੁਰਜੋਤ ਨੇ ਪੰਜਾਬ ਵਾਪਸ ਆਉਣਾ ਸੀ, ਕਿਉਂਕਿ ਉਸਨੂੰ ਪਿੰਡ ਤੇ ਘਰ ਦੀ ਬੜੀ ਯਾਦ ਆ ਰਹੀ ਸੀ। ਪਰ ਭਾਰਤ ਨੂੰ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਉਸਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਜੋਤ ਦੀ ਮੌਤ ਦੀ ਖ਼ਬਰ ਸੁਣ ਕੇ ਉਸਦੀ ਇਕਲੌਤੀ ਭੈਣ ਗਹਿਰੇ ਸਦਮੇ 'ਚ ਹੈ ਤੇ ਗੁਰਜੋਤ ਦੀ ਲਾਸ਼ ਵਾਪਸ ਉਸਦੇ ਪਿੰਡ ਲਿਆਉਣ ਲਈ ਉਸਦੇ ਨਜ਼ਦੀਕੀ ਪ੍ਰਬੰਧ ਕਰ ਰਹੇ ਹਨ। ਉਸਦੇ ਨਜ਼ਦੀਕੀ ਅਤੇ ਦੋਸਤਾਂ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਵੱਧ ਤੋ ਵੱਧ ਯੋਗਦਾਨ ਦੀ ਅਪੀਲ ਕੀਤੀ ਗਈ ਹੈ ਕਿ ਤਾਂ ਜੋ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਉਸਦੇ ਪਿੰਡ ਵਾਪਸ ਲਿਆਇਆ ਜਾ ਸਕੇ।