ਐਨ ਆਰ ਆਈਜ਼ ਨੇ ਰੱਖੀ ਮੰਗ, ਨਵਜੋਤ ਸਿੱਧੂ ਨੂੰ ਮੁੜ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਵੇ
ਸਿਡਨੀ, 3 ਦਸੰਬਰ, 2019 : ਐਨ ਆਰ ਆਈ ਵਰਲਡ ਆਰਗੇਨਾਈਜੇਸ਼ਨ (ਐਨ ਆਰ ਆਈ ਡਬਲਿਊ ਓ) ਨੇ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਜਿੰਨੀ ਛੇਤੀ ਹੋ ਸਕੇ ਪੰਜਾਬ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
ਐਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਕਨਵੀਨਰ ਡਾ. ਅਮਰਜੀਤ ਟਾਂਡਾ ਨੇ ਰੋਜ਼ਹਿੱਲ ਸਿਡਨੀ ਐਨ ਐਸ ਡਬਲਿਊ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਕਮਜੋਰ ਆਰਥਿਕ ਹਾਲਤ ਸੁਧਾਰਨ 'ਤੇ ਚਰਚਾ ਕੀਤੀ ।
ਵਿਸ਼ਵ ਭਰ ਵਿਚ ਐਨ ਆਰ ਆਈ ਇਹ ਚਾਹੁੰਦੇ ਹਨ ਕਿ ਸਿੱਧੂ ਨਾਲ ਪੰਜਾਬ ਦੇ ਮੁੱਖ ਮੰਤਰੀ ਖੁਦ ਰਾਬਤਾ ਬਣਾਉਣ ਅਤੇ ਭਾਰਤੀ ਹਾਈਕ ਕਮਾਂਡ ਉਹਨਾਂ ਨੂੰ ਮੁੜ ਉਹੀ ਜ਼ਿੰਮੇਵਾਰੀ ਸੌਂਪੇ ਅਤੇ ਉਹਨਾਂ ਵੱਲੋਂ ਪੰਜਾਬ ਦੇ ਵਿਗੜੇ ਹਾਲਾਤ ਸੁਧਾਰਨ ਲਈ ਕੀਤੇ ਯਤਨ ਕੀਤੇ ਜਾਣ।
ਡਾ. ਟਾਂਡਾ ਨੇ ਕਿਹਾ ਕਿ ਕੈਬਨਿਟ ਦਾ ਹੋਰ ਕੋਈ ਮੰਤਰੀ ਇੰਨੀ ਪਾਰਦਰਸ਼ਤਾ ਨਾਲ ਕੰਮ ਨਹੀਂ ਕਰਦਾ ਜਿੰਨਾ ਕਿ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਸ਼ਹਿਰੀ ਵਿਕਾਸ ਵਿਪਾਗ ਉਸ ਵੇਲੇ ਉਜੜਿਆ ਜਹਾਜ਼ ਸੀ ਜਦੋਂ ਉਹਨਾਂ ਨੇ ਵਾਗਡੋਰ ਸੰਭਾਲੀ ਸੀ ਅਤੇ ਉਹਨਾਂ ਨੇ ਸਫਲਤਾ ਨਾਲ 6 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਜੁਟਾਇਆ ਤੇ ਸਾਰੇ ਪੈਂਡਿੰਗ ਪ੍ਰਾਜੈਕਟ ਜੰਗੀ ਪੱਧਰ 'ਤੇ ਮੁਕੰਮਲ ਕੀਤੇ। ਵਿਭਾਗ ਕੋਲ ਪੰਜ ਪੈਸੇ ਵੀ ਨਹੀਂ ਹਨ ਤੇ ਹੁਣ ਮੁਲਾਜ਼ਮਾਂ ਨੁੰ ਤਨਖਾਹਾਂ ਨਹੀਂ ਮਿਲ ਰਹੀਆਂ, ਕੋਈ ਸੋਚ ਨਹੀਂ, ਕੋਈ ਜਵਾਬਦੇਹੀ ਨਹੀਂ ਜਦਕਿ ਸਿੱਧੂ ਦੇ ਕੰਮਕਾਜ 'ਤੇ ਕੋਈ ਉਂਗਲ ਨਹੀਂ ਉਠੀ।
ਡਾ. ਟਾਂਡਾ ਨੇ ਕਿਹਾ ਕਿ ਨਵਜੋਤ ਸਿੱਧੂ ਇਕ ਇਮਾਨਦਾਰ, ਮਿਹਨਤੀ ਅਤੇ ਉਚ ਕੋਟੀ ਦਾ ਖਿਡਾਰੀ, ਚੰਗਾ ਬੁਲਾਰਾ ਅਤੇ ਲੋੜਵੰਦਾਂ ਦੀ ਮਦਦ ਆਪਣੀ ਜੇਬ ਵਿਚੋਂ ਕਰਨ ਵਾਲਾ ਆਗੂ ਹੈ।