ਹਰਜਿੰਦਰ ਸਿੰਘ ਬਸਿਆਲਾ
- ਦਬਦੇ ਹੱਕ:...ਅਖੇ ਕਿਰਪਾਨ ਪਾਉਣੀ ਹੈ ਤਾਂ ਪੁਲਿਸ ਦੀ ਚਿੱਠੀ ਲਿਆਓ
- ਨਿਊਜ਼ੀਲੈਂਡ 'ਚ ਅੰਮ੍ਰਿਤਧਾਰੀ ਵਰਕਰ ਨੂੰ ਬਿਨਾਂ ਕ੍ਰਿਪਾਨ ਕੰਮ 'ਤੇ ਆਉਣ ਲਈ ਕਿਹਾ, ਪਰ ਉਹ ਸਿੱਖੀ ਪ੍ਰਤੀ ਦ੍ਰਿੜ
- ਪਿਛਲੇ 9 ਮਹੀਨਿਆਂ ਤੋਂ ਉਸੇ ਕੰਪਨੀ 'ਚ ਕਿਰਪਾਨ ਪਾ ਕੇ ਹੀ ਕੰਮ ਕਰ ਰਿਹਾ
ਆਕਲੈਂਡ, 13 ਅਗਸਤ 2020 - ਨਿਊਜ਼ੀਲੈਂਡ ਦੇ ਵਿਚ ਕਿਰਪਾਨ ਦੀ ਕਾਨੂੰਨੀ ਮਾਨਤਾ ਵਾਲਾ ਇਕ ਸੋਧ ਬਿਲ ਭਾਵੇਂ ਪਾਰਲੀਮੈਂਟ ਦੇ ਵਿਚ ਹੈ ਪਰ 'ਕ੍ਰਾਈਮ ਐਕਟ 1961 ਸੈਕਸ਼ਨ 202 (ਏ) (4)' ਦੇ ਤਹਿਤ ਬਿਨਾਂ ਕਾਰਨ ਚਾਕੂ (ਕ੍ਰਿਪਾਨ) ਨੂੰ ਜਨਤਾ ਵਿਚ ਨਹੀਂ ਲਿਜਾਇਆ ਜਾ ਸਕਦਾ ਬਸ਼ਰਤੇ ਕਿ ਇਸ ਦਾ ਕੋਈ ਜਾਇਜ਼਼਼ ਕਾਰਨ ਹੋਵੇ। ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਕ੍ਰਿਪਾਨ ਪਹਿਨਣਾ ਇੱਕ ਜਾਇਜ ਕਾਰਨ ਮੰਨਿਆ ਜਾਂਦਾ ਹੈ, ਜਿਸ ਦੀ ਸਿੱਖਾਂ ਨੂੰ ਇੱਥੇ ਛੋਟ ਦਿੱਤੀ ਗਈ ਹੈ। ਜਿੰਨੀ ਦੇਰ ਤੱਕ ਇਹ ਕ੍ਰਿਪਾਨ ਕਿਸੀ ਨੂੰ ਹਾਨੀ ਪਹੁੰਚਾਉਣ ਲਈ ਨਹੀਂ ਵਰਤੀ ਗਈ ਹੋਵੇ ਓਨੀ ਦੇਰ ਤੱਕ ਇਸ ਨੂੰ ਅਪਰਾਧਿਕ ਸ਼੍ਰੇਣੀ ਦੇ ਵਿਚ ਨਹੀਂ ਰੱਖਿਆ ਜਾਂਦਾ।
ਇਸ ਹੱਕ ਦੇ ਬਾਵਜੂਦ ਉਟਾਹੂਹੂ ਦੀ ਇਕ ਟਰਾਂਸਪੋਰਟ ਕੰਪਨੀ ਦੇ ਵਿਚ ਟਰੱਕ ਡਰਾਈਵਰ ਵਜੋਂ ਅਕਤੂਬਰ 2019 ਤੋਂ ਸ੍ਰੀ ਸਾਹਿਬ (ਛੋਟੀ ਕਿਰਪਾਨ) ਪਹਿਨ ਕੇ ਕੰਮ ਕਰਦੇ ਇੱਥੋਂ ਦੇ ਨਾਗਰਿਕ ਸ. ਅਮਨਦੀਪ ਸਿੰਘ ਨੂੰ ਲਗਪਗ 8-9 ਮਹੀਨੇ ਬਾਅਦ ਜਾ ਕੇ ਕ੍ਰਿਪਾਨ ਪਹਿਨਣ ਦੀ ਮੁਸ਼ਕਿਲ ਆ ਗਈ ਹੈ। ਕੰਪਨੀ ਨੇ ਇਹ ਸਾਰੀਆਂ ਦਲੀਲਾਂ ਰੱਦ ਕਰਦਿਆਂ ਇਸ ਨੌਜਵਾਨ ਨੂੰ ਨਿਊਜ਼ੀਲੈਂਡ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਜਿਸ ਦੇ ਵਿਚ ਕਿਹਾ ਜਾਵੇ ਕਿ ਕ੍ਰਿਪਾਨ ਪਹਿਨ ਕੇ ਕੰਮ ਵਾਲੇ ਸਥਾਨ ਉੱਤੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਹੈ। 4 ਜੂਨ ਦੀ ਇਸ ਮੰਗ ਤੋਂ ਬਾਅਦ ਅੱਜ ਤੱਕ ਪੁਲਿਸ ਨੇ ਇਸ ਨੂੰ ਚਿੱਠੀ ਨਹੀਂ ਉਪਲਬਧ ਕਰਵਾਈ।
ਲਾਕਡਾਊਨ ਵਰਗੀ ਔਖੀ ਘੜੀ ਦੇ ਵਿਚ ਸਭ ਨੂੰ ਕੰਮ ਦੀ ਜ਼ਰੂਰਤ ਹੈ ਪਰ ਇਕ ਚਿੱਠੀ ਕਰਕੇ ਇਸ ਨੂੰ ਕੰਮ 'ਤੇ ਜਾਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਕੰਪਨੀ ਕਹਿੰਦੀ ਹੈ ਕਿ ਬਿਨਾਂ ਕ੍ਰਿਪਾਨ ਪਹਿਨੇ ਕੰਮ 'ਤੇ ਆ ਜਾਓ ਪਰ ਇਹ ਨੌਜਵਾਨ ਸਿੱਖੀ ਉੱਤੇ ਦ੍ਰਿੜ੍ਹ ਹੈ ਅਤੇ ਕ੍ਰਿਪਾਨ ਲਾਹ ਕੇ ਕੰਮ ਉੱਤੇ ਜਾਣ ਨੂੰ ਤਿਆਰ ਨਹੀਂ ਹੋਇਆ ਅਤੇ ਪਿਛਲੇ ਕਈ ਦਿਨਾਂ ਤੋਂ ਕੰਮ 'ਤੇ ਵੀ ਨਹੀਂ ਗਿਆ। ਇਕ ਪੰਜਾਬੀ ਪੁਲਿਸ ਸਾਰਜੰਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਉੱਤੇ ਉਨ੍ਹਾਂ ਦੀ ਕਾਨੂੰਨੀ ਟੀਮ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸ ਦਾ ਹੱਲ ਕੱਢ ਦੇਣਗੇ। ਇਹ ਮਾਮਲਾ ਅੱਗੇ ਸੀਨੀਅਰ ਅਫ਼ਸਰਾਂ ਕੋਲ ਵਲਿੰਗਟਨ ਭੇਜਿਆ ਹੋਇਆ ਹੈ।
5 ਸਤੰਬਰ 2014 ਨੂੰ ਉਦੋਂ ਦੇ ਐਕਟਿੰਗ ਜਸਟਿਸ ਮੰਤਰੀ ਨੇ ਵੀ ਕ੍ਰਿਪਾਨ ਪਹਿਨਣ ਸਬੰਧੀ ਇਕ ਸਪਸ਼ਟ ਸ਼ਬਦਾਂ ਦੇ ਵਿਚ ਸ੍ਰੀ ਫਿਲ ਗੌਫ ਨੂੰ ਪੱਤਰ ਦੇ ਜਵਾਬ ਵਿਚ ਲਿਖਿਆ ਸੀ ਕਿ ਕ੍ਰਾਈਮ ਐਕਟ ਦੇ ਸੈਕਸ਼ਨ 202 ਅਧੀਨ ਕ੍ਰਿਪਾਨ ਜੇਕਰ ਕਿਸੀ ਨੂੰ ਹਾਨੀ ਪਹੁੰਚਾਉਣ ਲਈ ਵਰਤ ਜਾਂਦੀ ਹੈ ਤਾਂ ਇਹ ਜੁਰਮ ਹੋ ਸਕਦਾ ਹੈ। ਜੇਕਰ ਕਿਰਪਾਨ ਦੇ ਕਾਰਨ ਕਿਸੇ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਤਾਂ ਇਸ ਨੂੰ ਜੁਰਮ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਇਲਾਵਾ ਜਨਤਕ ਥਾਵਾਂ ਉੱਤੇ ਧਾਰਮਿਕ ਰਸਮਾਂ ਲਈ ਕਿਰਪਾਨ ਦਾ ਵਰਤਣਾ ਇਕ ਜਾਇਜ਼ ਕਾਰਨ ਦੇ ਵਿਚ ਆਉਂਦਾ ਹੈ।
ਏਵੀਏਸ਼ਨ ਸਕਿਉਰਿਟੀ ਦੇ ਵਿਚ ਵੀ 6 ਸੈਂਟੀਮੀਟਰ ਕ੍ਰਿਪਾਨ ਪਾਉਣ ਦੀ ਇਜਾਜ਼ਤ ਹੈ ਅਤੇ ਇੱਥੇ ਅੰਮ੍ਰਿਤਧਾਰੀ ਨੌਜਵਾਨ ਕੰਮ ਕਰਦੇ ਹਨ। ਨਿਊਜ਼ੀਲੈਂਡ ਤੋਂ ਬਾਹਰ ਜਾਣ ਵਾਲੀਆਂ ਫਲਾਈਟਾਂ ਦੇ ਵਿਚ ਇਹ 6 ਸੈਂਟੀਮੀਟਰ ਵਾਲੀ ਕ੍ਰਿਪਾਨ ਪਾਈ ਜਾ ਸਕਦੀ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਵੀ ਕ੍ਰਿਪਾਨ ਪਾ ਕੇ ਦਰਸ਼ਕ ਵਜੋਂ ਜਾਇਆ ਜਾ ਸਕਦਾ ਹੈ।
ਸੋ ਜੇਕਰ ਹੱਕ ਦਬਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ ਸਮੇਂ ਸਿਰ ਉਭਾਰਨ ਦੀ ਲੋੜ ਹੈ ਨਹੀਂ ਤਾਂ ਅਜਿਹੀਆਂ ਉਦਾਹਰਨਾਂ ਸੈੱਟ ਹੋ ਜਾਣਗੀਆਂ ਕਿ ਬਹੁ ਸਭਿਆਚਾਰਕ ਇਸ ਮੁਲਕ ਦੇ ਵਿਚ ਤੁਹਾਡੀ ਧਾਰਮਿਕ ਆਜ਼ਾਦੀ ਅਧੂਰੀ ਰਹਿ ਜਾਵੇਗੀ।