ਦੁੱਧ ਉਤਪਾਦਕਾਂ ਨੂੰ ਸਿਖਲਾਈ ਦੇਣ ਲਈ 9 ਅਗਸਤ ਨੂੰ ਟ੍ਰੇਨਿੰਗ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਜਾਵੇਗਾ - ਡਾਇਰੈਕਟਰ ਡੇਅਰੀ ਫਿਰੋਜ਼ਪੁਰ
ਗੌਰਵ ਮਾਣਿਕ
ਫਿਰੋਜ਼ਪੁਰ 27 ਜੁਲਾਈ 2021 -- ਕੋਵਿਡ-19 ਮਹਾਂਮਾਰੀ ਦੇ ਕਾਰਨ ਸਰਕਾਰੀ ਗਤੀਵਿਧੀਆਂ ਵਿੱਚ ਵੀ ਆਈ ਖੜੋਤ ਤੋਂ ਬਾਅਦ ਹੁਣ ਕੁਝ ਰਾਹਤ ਮਿਲਣ ਕਰਕੇ ਡੇਅਰੀ ਵਿਭਾਗ ਆਪਣੇ ਨਾਲ ਸਬੰਧਿਤ ਸਿਖਲਾਈ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਗਏ । ਇਸੇ ਲੜੀ ਤਹਿਤ ਦੁੱਧ ਉਤਪਾਦਕਾਂ ਨੂੰ ਸਿਖਲਾਈ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ , ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕਰਨੈਲ ਸਿੰਘ ਨੇ ਦੱਸਿਆ ਕਿ ਅਜੋਕੇ ਯੁਗ ਵਿੱਚ ਵਿਗਿਆਨਕ ਢੰਗਾਂ ਨਾਲ ਕੀਤੇ ਕਾਰੋਬਾਰ ਹੀ ਲਾਹੇਵੰਦ ਹਨ । ਦੁਧਾਰੂ ਪਸੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾਓ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਚਲਾਏ ਜਾਂਦੇ ਡੇਅਰੀ ਸਿਖਲਾਈ ਪ੍ਰੋਗਰਾਮ ਜੋ ਕਿ ਕੋਵਿਡ 19 ਮਹਾਂਮਾਰੀ ਕਰਕੇ ਬੰਦ ਹੋ ਗਏ ਸਨ, ਹੁਣ ਕਿਸਾਨਾਂ/ਦੁੱਧ ਉਤਪਾਦਕਾਂ ਦੀ ਸਹੂਲਤ ਲਈ ਇਹ ਟ੍ਰੇਨਿੰਗ ਪ੍ਰੋਗਰਾਮ ਮੁੜ ਸ਼ੁਰੂ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਫਿਰੋਜ਼ਪੁਰ ਰਣਦੀਪ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਫਿਰੋਜਪੁਰ ਨਾਲ ਸਬੰਧਤ ਬੇਰੁਜਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਜਿੰਨਾਂ ਦੀ ਉਮਰ 18 ਤੋਂ 50 ਸਾਲ ਦੇ ਵਿਚਕਾਰ ਹੋਵੇ, ਘੱਟੋ-ਘੱਟ 5ਵੀਂ ਪਾਸ ਹੋਣ ਅਤੇ ਪਿੰਡ ਦਾ ਰਹਿਣ ਵਾਲਾ ਹੋਣ ਅਤੇ ਉਹ ਡੇਅਰੀ ਫਾਰਮਿੰਗ ਅਪਣਾ ਕੇ ਸਵੈ-ਰੁਜਗਾਰ ਪ੍ਰਾਪਤ ਕਰਨਾ ਚਾਹੁੰਦੇ ਹੋਣ। ਉਹ ਚਾਹਵਾਨ ਨੌਜਵਾਨ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਏ, ਕਮਰਾ ਨੰ: 3,4 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਛਾਊਣੀ ਵਿਖੇ ਸਪੰਰਕ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਪਸੂ ਖਰੀਦਣ ਲਈ ਕਰਜੇ ਦੀ ਸਹੂਲਤ, ਪਸੂਆਂ ਦੇ ਸੁੱਚਜੇ ਸ਼ੈੱਡ, ਸਿੰਗਲ ਰੋਅ ਫੋਡਰ ਹਾਰਵੈਸਟਰ, ਸੈਲਫ ਪ੍ਰੋਪੈਲਡ ਫੌਰੇਜ਼ ਕਟਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੂਨਿਟ, ਆਟੋਮੈਟਿਕ ਸਾਈਲੇਜ਼ ਬੇਲਰ ਕਮ ਰੈਪਰ ਮਸ਼ੀਨ ਦੀ ਖਰੀਦ ਤੇ ਸਬਸਿਡੀ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ।