ਰੋਡਮਾਜਰਾ ਚੱਕਲਾਂ ਵਿਖੇ 27 ਅਕਤੂਬਰ ਨੂੰ ਮੁੱਖ ਮੰਤਰੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 20 ਅਕਤੂਬਰ 2021-ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਖੇਡ ਸਟੇਡੀਅਮ ਪਿੰਡ ਰੋਡਮਾਜਰਾ ਚੱਕਲਾਂ ਵਿਖੇ ਬਣਾਇਆ ਜਾਵੇਗਾ, ਜਿਸ ਦਾ ਨੀਂਹ ਪੱਥਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 27 ਅਕਤੂਬਰ ਨੂੰ ਸ਼ਾਮ 3 ਵਜੇ ਰੱਖਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਰੋਡਮਾਜਰਾ ਨੇ ਦੱਸਿਆ ਕਿ ਖੇਡ ਸਟੇਡੀਅਮ ਦੇ ਉਦਘਾਟਨ ਤੋਂ ਪਹਿਲਾਂ ਦੁਪਿਹਰ 12.30 ਵਜੇ ਤੋਂ 2.30 ਵਜੇ ਤੱਕ ਲਡ਼ਕੀਆਂ ਅਤੇ ਲਡ਼ਕਿਆਂ ਦੇ ਅੰਤਰਰਾਸ਼ਟਰੀ ਪੱਧਰ ਦੇ ਕੁਸ਼ਤੀ ਦੇ 4 ਮੁਕਾਬਲੇ ਕਰਵਾਏ ਜਾਣਗੇ । ਇਸ ਤੋਂ ਇਲਾਵਾ 2 ਅਕੈਡਮੀਆਂ ਦਾ ਆਲ ਓਪਨ ਕਬੱਡੀ ਦਾ ਇੱਕ ਸ਼ੋ ਮੈਚ ਵੀ ਕਰਵਾਇਆ ਜਾਏਗਾ। ਇਸ ਦੌਰਾਨ ਪਹਿਲਾਵਾਨਾਂ ਅਤੇ ਖਿਡਾਰੀਆਂ ਨੂੰ 5 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਾਬਾ ਗਾਜੀ ਦਾਸ ਕਲੱਬ ਵਲੋਂ ਕਿਸਾਨੀ ਅੰਦੋਲਨ ਦੌਰਾਨ ਲਗਾਤਾਰ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਜ਼ਰੂਰੀ ਸਮਾਨ ਦਿੱਤਾ ਜਾ ਰਿਹਾ ਹੈ। ਕਲੱਬ ਵਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਵਿਚੋਂ ਹੁਣ ਤੱਕ 22 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਅਤੇ ਦੇਸ਼ ਦੀ ਸੇਵਾ ਲਈ ਸਰਹੱਦ ਸ਼ਹੀਦ ਹੋਏ 9 ਜਵਾਨਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਸਿੱਕੇ ਦੇ ਕੇ ਵੀ ਸਨਮਾਨਿਤ ਕੀਤਾ ਚੁੱਕਿਆ ਹੈ।
ਇਸ ਤੋਂ ਇਲਾਵਾ ਇਸ ਸਾਲ 15 ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਵੀ ਕੀਤੇ ਗਏ ਹਨ ਅਤੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ। ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਾਬਾ ਗਾਜੀ ਦਾਸ ਕਲੱਬ ਕਈ ਸਾਲਾਂ ਤੋਂ ਅੰਤਰਾਸ਼ਟਰੀ ਪੱਧਰ ਦਾ ਕਬੱਡੀ ਮੇਲਾ ਕਰਵਾ ਰਿਹਾ ਹੈ ਅਤੇ ਲੋਡ਼ਵੰਦ ਔਰਤਾਂ ਤੇ ਲਡ਼ਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਗਾਜੀ ਦਾਸ ਕਲੱਬ ਸਮਾਜਸੇਵਾ ਨੂੰ ਸਮਰਪਿਤ ਹੈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਚੱਕਲਾਂ, ਸਰਪੰਚ ਬਿੱਟੂ ਬਾਜਵਾ, ਉਮਰਾਓ ਸਿੰਘ, ਮੇਜਰ ਸਿੰਘ ਮਾਹਲ, ਸਾਬਕਾ ਸਰਪੰਚ ਮੋਹਰ ਸਿੰਘ ਖਾਬੜਾ, ਗਾਇਕ ਉਮਿੰਦਰ ਓਮਾ ਮੌਜੂਦ ਸਨ।