ਸੀ ਬੀ ਐਸ ਈ ਵਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿਚੋਂ ਬਾਹਰ ਕੱਢਣਾ ਸਾਡੀ ਮਾਤ ਭਾਸ਼ਾ 'ਤੇ ਹਮਲਾ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
- ਬੱਚਿਆਂ ਤੋਂ ਮਾਤ ਭਾਸ਼ਾ ਖੋਹਣ ਦਾ ਕੰਮ "ਨਵੀਂ ਸਿੱਖਿਆ ਨੀਤੀ 2020" ਨੂੰ ਲਾਗੂ ਕਰਨ ਵੱਲ ਇਕ ਕਦਮ ਹੈ - ਕਰਨੈਲ ਫਿਲੌਰ
ਜਲੰਧਰ, 21 ਅਕਤੂਬਰ 2021 - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਸੀ ਬੀ ਐਸ ਈ ਵਲੋਂ ਜਾਰੀ ਦਸਵੀਂ ਅਤੇ ਬਾਰ੍ਹਵੀਂ ਦੀ ਟਰਮ ਇੱਕ ਦੀ ਪ੍ਰੀਖਿਆ ਜੋ ਕਿ ਕ੍ਰਮਵਾਰ 30 ਨਵੰਬਰ ਤੇ 01 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ, ਵਿਚੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿਚੋਂ ਬਾਹਰ ਕੱਢਣਾ ਅਤੇ ਉਸ ਨੂੰ ਮਾਈਨਰ ਵਿਸ਼ਾ ਬਣਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਸਾਡੀ ਮਾਤ ਭਾਸ਼ਾ ਤੇ ਹਮਲਾ ਕਰਨ ਦੇ ਬਰਾਬਰ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯਾਦ ਰਹੇ ਕਿ ਪਹਿਲਾਂ ਵੀ ਸੀ ਬੀ ਐਸ ਈ ਵਲੋਂ ਕਰੋਨਾਂ ਦੇ ਬਹਾਨੇ ਸਾਜਿਸ਼ੀ ਢੰਗ ਨਾਲ 9ਵੀਂ ਦਾ ਤੀਹ ਪ੍ਰਤੀਸ਼ਤ ਸਿਲੇਬਸ ਘਟਾ ਦਿੱਤਾ ਗਿਆ ਸੀ ਅਤੇ ਸਿਲੇਬਸ ਵਿਚੋਂ ਸੰਘੀ ਢਾਂਚੇ ਤੇ ਧਰਮ ਨਿਰਪੱਖਤਾ ਵਾਲੇ ਵਿਸ਼ੇ ਬਾਹਰ ਕੱਢ ਦਿੱਤੇ ਗਏ ਸਨ।
ਇਸ ਸਮੇਂ ਸੂਬਾਈ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬੱਚਿਆਂ ਤੋਂ ਦੂਰ ਕਰਨ ਦਾ ਕੰਮ ਕੇਂਦਰ ਵਲੋਂ ਜਾਰੀ ਨਵੀਂ ਕਾਲ਼ੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇ ਕਿਸੇ ਕੌਮ ਤੋਂ ਉਸ ਦੀ ਜੁਬਾਨ ਹੀ ਖੋਹ ਲਈ ਜਾਵੇ ਤਾਂ ਉਹ ਕੌਮ ਬਹੁਤਾ ਸਮਾਂ ਜਿੰਦਾਂ ਨਹੀ ਰਹਿ ਸਕਦੀ, ਉਹਨਾਂ ਕਿਹਾ ਕਿ ਇਹ ਸੰਵਿਧਾਨ ਦੀ ਮੂਲ ਭਾਵਨਾ ਨਾਲ ਵੀ ਖਿਲਵਾੜ ਹੈ। ਇਸ ਸਮੇਂ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਕਰਨ ਲਈ ਯੋਗ ਕਦਮ ਚੁੱਕੇ ਜਾਣ ਤੇ ਪੰਜਾਬੀ ਭਾਸ਼ਾ ਐਕਟ 1967 ਅਧੀਨ ਬੋਰਡ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਚਲਦਾ "ਪੰਜਾਬੀ ਵਿਕਾਸ ਬੋਰਡ" ਉਸ ਵੇਲੇ ਦੇ ਸਿੱਖਿਆ ਸਕੱਤਰ ਵਲੋਂ 2020 ਵਿਚ ਖਤਮ ਕੀਤਾ ਗਿਆ ਸੀ ਤੇ ਬੜੇ ਸਾਜਿਸ਼ੀ ਢੰਗ ਨਾਲ ਬੱਚਿਆਂ ਨੂੰ ਹਿਸਾਬ, ਅੰਗਰੇਜ਼ੀ ਵਿਚ ਪੜ੍ਹਾਉਣ ਲਈ ਵੀ ਪੱਤਰ ਜਾਰੀ ਕੀਤੇ ਗਏ ਸਨ ਜੋ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਵਿਰੋਧ ਹੋਣ ਤੇ ਪੱਤਰ ਤਾਂ ਵਾਪਿਸ ਹੋ ਗਿਆ ਸੀ ਜਦਕਿ ਪੰਜਾਬੀ ਵਿਕਾਸ ਬੋਰਡ ਨੂੰ ਹਾਲੇ ਤੱਕ ਸੁਰਜੀਤ ਨਹੀਂ ਕੀਤਾ ਗਿਆ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਲਈ ਇਕਜੁੱਟ ਹੋਣ।