ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ- ਸ਼ੈਰੀ ਰਿਆੜ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ / ਬਹਾਦੁਰਗੜ੍ਹ 9 ਅਪ੍ਰੈਲ 2022: ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੋਕ ਬੈਠੇ ਹਨ ਜੋ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟਦੇ। ਇਸੇ ਤਹਿਤ ਹੀ ਅੱਜ ਬਹਾਦਰਗੜ੍ਹ ਦੇ ਨੌਜਵਾਨਾਂ ਵੱਲੋਂ ਜਤਿੰਦਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ। ਕੈਂਪ ਦੌਰਾਨ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਹਲਕਾ ਸਨੌਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਨੀਅਰ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕੈਂਪ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ਼ੈਰੀ ਰਿਆੜ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ ਹੈ ਅਤੇ ਭਵਿੱਖ ਵਿੱਚ ਵੀ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ ਤਾਂ ਜੋ ਅਸੀਂ ਸਮਾਜ ਦੇ ਪ੍ਰਤੀ ਆਪਣੇ ਫ਼ਰਜ਼ ਸਮਝਦੇ ਹੋਏ ਆਪਣੀਆਂ ਸੇਵਾਵਾਂ ਨਿਭਾ ਸਕੀਏ। ਉਹਨਾਂ ਕਿਹਾ ਕਿ ਖੂਨਦਾਨ ਨੂੰ ਮਹਾਦਾਨ ਕਿਹਾ ਗਿਆ ਹੈ ਕਿਉਂਕਿ ਸਾਡੇ ਨੌਜਵਾਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਿਸੇ ਦੀ ਜ਼ਿੰਦਗੀ ਬਚਾਉਣ ਤੱਕ ਦਾ ਕੰਮ ਕਰ ਸਕਦਾ ਹੈ। ਇਸ ਮੌਕੇ ਨੌਜਵਾਨਾਂ ਵੱਲੋਂ ਸ਼ੈਰੀ ਰਿਆੜ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਵਲੀ ਬਹਾਦਰਗੜ੍ਹ, ਹਰਮਿੰਦਰਪਾਲ ਸ਼ਰਮਾ ਐਮ.ਡੀ ਜਤਿੰਦਰਾ ਸਕੂਲ, ਜਤਿੰਦਰ ਮਿੱਠੂਮਾਜਰਾ, ਗੁਰਵਰਿੰਦਰ ਸਨੌਰੀਆ, ਨਰਿੰਦਰ ਕਟਾਰੀਆ, ਬੰਟੀ ਮੁਲਤਾਨੀ,ਦਲਬੀਰ ਸਿੰਘ ਸਮੇਤ ਹੋਰ ਵੀ ਨੌਜਵਾਨ ਮੌਜੂਦ ਸਨ।