ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 6 ਮਈ 2022-
ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ‘ਏਕ ਭਾਰਤ ਸ੍ਰੇਸ਼ਟ ਭਾਰਤ' ਕਲੱਬ ਵੱਲੋਂ ਰੀਜ਼ਨਲ ਡਾਇਵਰਸਿਟੀ ਉੱਤੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ ਚਾਰ ਟੀਮਾਂ ਈਸਟ, ਵੈੱਸਟ, ਨੌਰਥ ਅਤੇ ਸਾਊਥ ਦਾ ਗਠਨ ਕੀਤਾ ਗਿਆ ਅਤੇ ਉਹਨਾਂ ਕੋਲੋਂ ਉਪਰੋਕਤ ਵਿਸ਼ੇ ਸੰਬੰਧੀ ਪ੍ਰਸ਼ਨ ਪੁੱਛੇ ਗਏ। ਸਾਡੇ ਦੇਸ਼ ਦੀ ‘ਅਨੇਕਤਾ ਵਿੱਚ ਏਕਤਾ’ ਨੂੰ ਹੋਰ ਪ੍ਰਫੁੱਲਿਤ ਕਰਨਾ ਇਸ ਪ੍ਰੋਗਰਾਮ ਦਾ ਪ੍ਰਮੁੱਖ ਉਦੇਸ਼ ਹੈ। ਇਸ ਪ੍ਰੋਗਰਾਮ ਦੇ ਤਹਿਤ ਹਰ ਸਾਲ ਹਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਗਠਜੋੜ ਦੂਸਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਕੀਤਾ ਜਾਂਦਾ ਹੈ ਤਾਂ ਕਿ ਨਾਗਰਿਕ ਆਪਣੇ ਰਾਜ ਦੇ ਨਾਲ-ਨਾਲ ਕਿਸੇ ਦੂਸਰੇ ਰਾਜ ਦੇ ਸੱਭਿਆਚਾਰ, ਭਾਸ਼ਾ, ਪਰੰਪਰਾ, ਰਿਵਾਜ ਨੂੰ ਸਮਝ ਸਕਣ ਅਤੇ ਮੇਲਜੋਲ ਵਧਾ ਸਕਣ, ਜਿਸ ਨਾਲ ਇਕਜੁੱਟਤਾ ਅਤੇ ਨੈਤਿਕਤਾ ਨੂੰ ਹੋਰ ਉਤਸ਼ਾਹ ਮਿਲ ਸਕੇ।
‘ਏਕ ਭਾਰਤ ਸ੍ਰੇਸ਼ਟ ਭਾਰਤ’ ਕਲੱਬ ਦੇ ਮੁਖੀ ਡਾ. ਮਨੀ ਛਾਬੜਾ ਨੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੂਸਰੇ ਸੱਭਿਆਚਾਰ, ਧਰਮ ਅਤੇ ਭਾਸ਼ਾ ਦੇ ਸਤਿਕਾਰ ਅਤੇ ਸਵੀਕਾਰਤਾ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਸ਼ਿਲਪਾ ਅਰੋੜਾ, ਪ੍ਰੋ. ਕੋਮਲਪ੍ਰੀਤ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਪਲਕ ਮਰਵਾਹਾ, ਪ੍ਰੋ. ਸਿਮਰਜੀਤ ਕੌਰ ਵੀ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਬੰਸ ਸਿੰਘ ਨੇ ਵੀ ਇਸ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ, ਧਰਮਾਂ ਦੀ ਬਰਾਬਰਤਾ, ਭਾਸ਼ਾ ਪ੍ਰਤੀ ਸੰਵਧਾਨਿਕ ਅਧਿਕਾਰਾਂ ਅਤੇ ਸੱਭਿਆਚਾਰ ਦੀ ਵਿਸ਼ਾਲਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।