ਥਾਣਾ ਮੁਖੀ ਅਹੁਦਾ ਸੰਭਾਲਣ ਉਪਰੰਤ ਤੁਰੰਤ ਐਕਸ਼ਨ ‘ਚ: ਨਸ਼ਿਆਂ ਨੂੰ ਖਤਮ ਕਰਨ ਦਾ ਅਹਿਦ ਲਿਆ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ, 23 ਜੂਨ 2022- ਥਾਣਾ ਸੁਲਤਾਨਪੁਰ ਲੋਧੀ ਪੁਲਸ ਮੁਖੀ ਦਾ ਅਹੁਦਾ ਸੰਭਾਲਣ ਉਪਰੰਤ ਤੁਰੰਤ ਐਕਸ਼ਨ ‘ਚ ਆਉਂਦੇ ਅੱਜ ਐਸ.ਐਚ.ਓ ਜਸਮੇਲ ਕੌਰ ਸੰਧੂ ਨੇ ਤੁਰੰਤ ਨਸ਼ਿਆਂ ਨੂੰ ਖਤਮ ਕਰਨ ਲਈ ਪਿੰਡ ਸੁਲਤਾਨਪੁਰ ਲੋਧੀ ਰੂਰਲ ਬਸਤੀ ਚੰਡੀਗੜ੍ਹ ਵਿਖੇ ਪਿੰਡ ਵਾਸੀਆ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ‘ਚ ਸੰਬੋਧਨ ਕਰਦਿਆਂ ਐਸ.ਐਚ.ਓ ਜਸਮੇਲ ਕੌਰ ਸੰਧੂ ਨੇ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਭਟਕ ਕੇ ਨਸ਼ਿਆਂ ਦੇ ਦਲਦਲ ‘ਚ ਜਾ ਰਹੀ ਹੈ ਜਿਨ੍ਹਾਂ ਨੂੰ ਸਹੀ ਰਸਤੇ ‘ਤੇ ਲਿਆ ਕੇ ਉਨ੍ਹਾਂ ਨੂੰ ਨਵਾਂ ਜੀਵਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਮੈਂ ਇਕੱਲੇ ਨਹੀ ਕਰ ਸਕਦੀ ਜਿਸਦੇ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।
ਉਨ੍ਹ੍ਹਾਂ ਕਿਹਾ ਕਿ ਪਿੰਡ ‘ਚ ਜੇ ਕੋਈ ਵੀ ਵਿਅਕਤੀ ਅਜਿਹਾ ਧੰਦਾ ਕਰਦਾ ਹੈ ਤਾਂ ਪਹਿਲਾਂ ਤਾਂ ਉਸਨੂੰ ਆਪਣੇ ਤੌਰ ‘ਤੇ ਸਮਝਾਓ ਜੇ ਫਿਰ ਵੀ ਨਾ ਸਥਿਤੀ ਸੁਧਰੇ ਤਾਂ ਇਸਦੀ ਸੂਚਨਾ ਪੁਲਸ ਨੂੰ ਦਿਓ। ਪੁਲਸ ਨੂੰ ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਅਸੀ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਤੇ ਮਾੜੇ ਨਤੀਜਿਆ ਬਾਰੇ ਦੱਸ ਕੇ ਇਸ ਤੋਂ ਦੂਰ ਰੱਖ ਸਕਾਂਗੇ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ‘ਚ ਮੇਰਾ ਮੁੱਖ ਮੰਤਵ ਕ੍ਰਾਈਮ ਨੂੰ ਕੰਟਰੋਲ ਤੇ ਨਸ਼ਾ ਮੁਕਤ ਕਰਨਾ ਹੈ ਜਿਸਨੂੰ ਮੈਂ ਕਿਸੇ ਵੀ ਕੀਮਤ ‘ਤੇ ਕਰਾਂਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਧੰਦੇ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਸ਼ਿਕਾਇਤ ਹੈ ਤਾਂ ਮੇਰਾ ਮੋਬਾਇਲ ਤੇ ਮੈਂ ਹਰ ਸਮੇਂ ਉਪਲਬਧ ਹਾਂ। ਕੋਈ ਵੀ ਬੇਝਿਜਕ ਮੇਰੇ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਪਿੰਡ ਦੀ ਸਰਪੰਚ ਵੀਨਾ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਥਾਣਾ ਮੁਖੀ ਜਸਮੇਲ ਕੌਰ ਨੂੰ ਭਰੋਸਾ ਦਿੱਤਾ ਕਿ ਉਹ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਸ ਦਾ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਮੌਕਾ ਹੈ ਕਿ ਕਿਸੇ ਥਾਣਾ ਮੁਖੀ ਨੇ ਪਿੰਡ ਵਾਸੀਆਂ ਨਾਲ ਅਜਿਹੀ ਮੀਟਿੰਗ ਕਰਕੇ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਬਾਰੇ ਪ੍ਰੇਰਿਤ ਕੀਤਾ ਹੈ। ਇਸ ਮੌਕੇ ਏ.ਐਸ.ਆਈ ਅਮਰਜੀਤ ਸਿੰਘ ਸਿਟੀ ਇੰਚਾਰਜ, ਮੀਨਾ ਸਰਪੰਚ, ਹਰਪ੍ਰੀਤ ਸਿੰਘ, ਮਹਿੰਦਰ ਸਿੰਘ ਚੱਕੀ ਵਾਲਾ, ਮਾਇਆ ਮੈਂਬਰ ਪੰਚਾਇਤ, ਗੇਲਾ ਸਾਬਕਾ ਸਰਪੰਚ ਡੇਰਾ ਸੈਯਦਾਂ, ਵੀਨਾ ਮੈਂਬਰ ਪੰਚਾਇਤ, ਮੰਗਾ, ਅਸ਼ਵਨੀ ਭਗਤ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਅਨੀਤਾ, ਮਲੂਕ ਸਿੰਘ, ਮਨਦੀਪ ਸਿੰਘ ਹੈਡ ਕਾਂਸਟੇਬਲ, ਕੁਲਦੀਪ ਸਿੰਘ, ਏ.ਐਸ.ਆਈ ਮੇਜਰ ਸਿੰਘ ਆਦਿ ਹਾਜਰ ਸਨ।