ਪੜ੍ਹੋ ਪੰਜਾਬ ਤੋਂ 'ਆਪ' ਐਮਪੀ ਸੰਜੀਵ ਅਰੋੜਾ ਦਾ ਰਾਜ ਸਭਾ ਮਾਨਸੂਨ ਦੇ ਸੈਸ਼ਨ ਦਾ ਲੇਖਾ-ਜੋਖਾ
ਲੁਧਿਆਣਾ, 13 ਅਗਸਤ, 2022: ਪੰਜਾਬ ਤੋਂ 'ਆਪ' ਦੇ ਐਮਪੀ ਸੰਜੀਵ ਅਰੋੜਾ ਨੇ ਰਾਜ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਭਾਗ ਲੈਣ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਗਿਆ। ਰਾਜ ਸਭਾ ਮੈਂਬਰ ਦੇ ਰੂਪ ਵਿੱਚ ਉਹਨਾਂ ਦਾ ਕਾਰਜਕਾਲ 10 ਅਪ੍ਰੈਲ, 2022 ਤੋਂ ਸ਼ੁਰੂ ਹੋਇਆ ਸੀ। ਅਤੇ, ਰਾਜ ਸਭਾ ਮੈਂਬਰ ਦੇ ਰੂਪ ਵਿੱਚ ਆਪਣੇ ਪਹਿਲੇ ਸੈਸ਼ਨ ਵਿੱਚ ਉਹਨਾਂ ਦੀ ਹਾਜ਼ਰੀ 16 ਵਿਚੋਂ 15 ਸੀ।
ਅਰੋੜਾ ਨੇ ਖੇਤੀਬਾੜੀ, ਆਵਾਸ ਅਤੇ ਸ਼ਹਿਰੀ ਵਿਕਾਸ, ਸਿਵਲ ਏਵੀਏਸ਼ਨ, ਰੇਲਵੇ, ਸ੍ਕਿਲ ਡਿਵੈਲਪਮੈਂਟ, ਵਪਾਰਕ ਉਦਯੋਗ ਅਤੇ ਕਪੜਾ ਸਮੇਤ ਭਿੰਨ ਭਿੰਨ ਮੰਤਰਾਲਿਆਂ ਨਾਲ ਸਬੰਧਤ ਕੁਲ 29 ਪ੍ਰਸ਼ਨ ਪੁੱਛੇ। ਇਹ ਸਵਾਲ ਲੋਕਾਂ ਦੇ ਹਿਤ ਵਿਚ ਸਨ ਜਿਵੇਂ ਕਿ ਸਰਕਾਰ ਦਾ ਕੀ ਅਨੁਮਾਨ ਹੈ ਕਿ ਉਹ ਹਰ ਰਾਜ ਵਿਚ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਲਈ ਆਪਣੇ ਨਿਸ਼ਾਨੇ ਨੂੰ ਕਦੋਂ ਹਾਸਲ ਕਰੇਗੀ, ਆਧਾਰ ਸਾਲ (ਬੇਸ ਈਅਰ) ਤੋਂ ਕਿਸਾਨਾਂ ਦੀ ਆਮਦਨ ਵਿਚ ਮੌਜੂਦਾ ਸਮੇਂ ਵਿੱਚ ਵਾਧਾ ਕੀ ਹੈ ਅਤੇ ਰੇਲਵੇ ਵੱਲੋਂ ਵੱਡੇ ਸ਼ਹਿਰ ਦੇ ਨੇੜੇ ਛੋਟੇ ਰੇਲਵੇ ਸਟੇਸ਼ਨਾਂ ਦੀ ਵਰਤੋਂ ਕਰਨ ਲਈ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਭੀੜ-ਭਾੜ ਘੱਟ ਕਰਨ ਲਈ ਕੀ ਕਦਮ ਚੁੱਕੇ ਗਏ ਹਨ।
ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ, "ਮੇਰੇ ਵੱਲੋਂ ਪੁਛੇ ਗਏ ਕੁਲ 29 ਸਵਾਲਾਂ ਵਿਚੋਂ ਸਿਰਫ਼ 4 ਸਵਾਲਾਂ ਦਾ ਜਵਾਬ ਮਿਲਣਾ ਬਾਕੀ ਹੈ।" ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਜਾਣਕਾਰੀ ਭਰਪੂਰ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਨਵੇਂ ਰਾਜ ਸਭਾ ਮੈਂਬਰਾਂ ਲਈ ਦੋ ਦਿਨ ਦੀ ਓਰੀਏਂਟੇਸ਼ਨ ਵਰਕਸ਼ਾਪ ਵਿੱਚ ਭਾਗ ਲਿਆ ਹੈ। ਇਸ ਵਰਕਸ਼ਾਪ ਵਿੱਚ ਕੁਲ 16 ਸੈਸ਼ਨ ਹੋਏ ਅਤੇ 14 ਵੱਖੋ -ਵੱਖਰੇ ਬੁਲਾਰਿਆਂ ਨੇ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹਨਾਂ ਸੈਸ਼ਨਾਂ ਵਿਚ ਉਨ੍ਹਾਂ ਦੀ ਹਾਜ਼ਰੀ 100 ਪ੍ਰਤੀਸ਼ਤ ਸੀ। ਉਨ੍ਹਾਂ ਸਮੇਤ ਅਜਿਹੇ ਕੁਝ ਰਾਜਸਭਾ ਮੈਂਬਰ ਸਨ ਜਿਹਨਾਂ ਦੀ ਇਹਨਾਂ ਸੈਸ਼ਨਾਂ ਵਿਚ ਮੌਜੂਦਗੀ ਮੁਕੱਮਲ ਸੀ। ਉਹਨਾਂ ਨੇ ਕਿਹਾ ਕਿ ਇਹ ਸੈਸ਼ਨ ਉਹਨਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਏ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ਦੇ ਰਾਜ ਸਭਾ ਦੇ ਸੈਸ਼ਨਾਂ ਵਿੱਚ ਵਧੇਰੇ ਉਤਸ਼ਾਹ ਦੇ ਨਾਲ ਭਾਗ ਲੈਂਦੇ ਰਹਿਣਗੇ ।
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਰਾਜਸਭਾ ਸੈਸ਼ਨ ਵਿਚ ਸ਼ਾਮਲ ਹੋਣਾ ਉਹਨਾਂ ਦਾ ਇੱਕ ਨਵੇਕਲਾ ਅਨੁਭਵ ਹੈ। ਉਨ੍ਹਾਂ ਕਿਹਾ ਕਿ ਇਸ ਅਨੁਭਵ ਦੀ ਵਰਤੋਂ ਪੰਜਾਬ ਰਾਜ ਵਿੱਚ ਲੋਕਾਂ ਦੇ ਕਲਿਆਣ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਵਿਕਾਸ ਲਈ ਕਈ ਨਵੇਂ ਵਿਚਾਰ ਮਿਲੇ ਹਨ ਅਤੇ ਇਹਨਾਂ ਵਿਚਾਰਾਂ ਨੂੰ ਨੇੜ ਭਵਿੱਖ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨਿਸ਼ਚਤ ਰੂਪ ਵਿੱਚ ਸਾਂਝਾ ਕਰਨਗੇ।