ਬਠਿੰਡਾ ਜ਼ਿਲ੍ਹੇ ਵਿੱਚ 4 ਥਾਵਾਂ 'ਤੇ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ
ਅਸ਼ੋਕ ਵਰਮਾ
ਬਠਿੰਡਾ 22 ਮਾਰਚ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਜਿਲ੍ਹਾ ਬਠਿੰਡਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਜਿਲੇ ਵਿਚ ਚਾਰ ਥਾਵਾਂ ਭੂਤਾਂ ਵਾਲਾ ਖੂਹ ਭਗਤਾ ਵਿਖੇ, ਬਿਜਲੀ ਦਫ਼ਤਰ ਰਾਮਪੁਰਾ ਵਿਖੇ ,ਧੰਨਾ ਜੱਟ ਧਰਮਸ਼ਾਲਾ ਤਲਵੰਡੀ ਸਾਬੋ ਅਤੇ ਕਮਿਊਨਟੀ ਸੈਂਟਰ ਘੁੱਦਾ ਵਿਖੇ 23 ਮਾਰਚ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ। ਇਸ ਸੰਬੰਧੀ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਹੋਰਨਾਂ ਜ਼ਿਲਾ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ,ਨੌਜਵਾਨਾਂ ਔਰਤਾਂ ਤੇ ਸਮੂਹ ਇਨਸਾਫ਼ ਪਸੰਦ ਕਿਰਤੀ ਲੋਕਾਂ ਨੂੰ ਇਹਨਾਂ ਸਮਾਗਮਾਂ ਵਿਚ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦਾਂ ਦੀ ਸਾਮਰਾਜਵਾਦ , ਸੂਦਖੋਰੀ, ਜਗੀਰਦਾਰੀ ਵਿਰੋਧੀ ਅਤੇ ਫਿਰਕਾਪ੍ਰਸਤੀ ਵਿਰੋਧੀ ਇਨਕਲਾਬੀ ਸੋਚ ਨੂੰ ਅੱਜ ਦੀਆਂ ਹਾਲਤਾਂ ਮੁਤਾਬਕ ਬਣਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਕੇਂਦਰੀ ਭਾਜਪਾ ਹਕੂਮਤ ਦੀ ਸ਼ਹਿ ਨਾਲ ਆਰ ਐਸ ਐਸ ਦੇ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਭੜਕਾਈ ਜਾ ਰਹੀ ਫਿਰਕੂ/ਜਾਤਪਾਤੀ ਹਿੰਸਾ ਅਤੇ ਪੰਜਾਬ ਦੇ ਸਿੱਖ ਫਿਰਕਾਪ੍ਰਸਤਾਂ ਵੱਲੋਂ ਬਲਦੀ ਉੱਤੇ ਤੇਲ ਪਾਉਣ ਵਰਗੇ ਹਥਕੰਡੇ ਕਿਵੇਂ ਲੁੱਟੀ-ਪੁੱਟੀ ਜਾ ਰਹੀ ਕਿਸਾਨੀ ਦੇ ਐੱਮ ਐੱਸ ਪੀ ਅਤੇ ਕਰਜ਼ਾ-ਮੁਕਤੀ ਵਰਗੇ ਭਖਦੇ ਮਸਲਿਆਂ ਉੱਤੇ ਕੀਤੇ ਜਾਣ ਵਾਲੇ ਸਾਮਰਾਜਵਾਦ, ਸੂਦਖੋਰੀ ਤੇ ਜਗੀਰਦਾਰੀ ਵਿਰੋਧੀ ਵਿਸ਼ਾਲ ਜਨਤਕ ਸੰਘਰਸ਼ਾਂ ਦੇ ਰਾਹ ਵਿੱਚ ਰੋੜੇ ਬਣ ਰਹੇ ਹਨ ।
ਉਹਨਾਂ ਆਖਿਆ ਕਿ ਫਿਰਕੂ ਅਨਸਰਾਂ ਨੂੰ ਭਾਂਜ ਦੇਣ ਅਤੇ ਅਮਨ ਕਾਨੂੰਨ ਦੀ ਰਾਖੀ ਦੇ ਨਾਂ ਹੇਠ ਪੰਜਾਬ ਸਰਕਾਰ ਵੱਲੋਂ ਜਾਬਰ ਹਕੂਮਤੀ ਰਾਜ ਮਸੀਨਰੀ ਦੇ ਦੰਦੇ ਤਿੱਖੇ ਕੀਤੇ ਕੀਤੇ ਜਾ ਰਹੇ ਹਨ , ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ । ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਫਿਰਕੂ ਤੇ ਹਕੂਮਤੀ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਜਮਾਤੀ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ।ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਖੇਤੀ ਮੋਟਰਾਂ ਸੰਬੰਧੀ ਬਿਜਲੀ ਦਫ਼ਤਰ ਰਾਮਪੁਰਾ ਵਿਖੇ ਧਰਨਾ ਚੱਲ ਰਿਹਾ ਹੈ ਜਿਸ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।