"ਮੇਰਾ ਪਹਿਲਾ ਵੋਟ ਦੇਸ਼ ਦੇ ਲਈ" ਮੁਹਿੰਮ ਅਧੀਨ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ, 19 ਮਾਰਚ ,2024
ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਵੋਟ ਦੀ ਵਰਤੋਂ ਕਰਨ ਲਈ ਉਤਸਾਹਿਤ ਕਰਨ ਸਬੰਧੀ `ਮੇਰਾ ਪਹਿਲਾ ਵੋਟ ਦੇਸ਼ ਦੇ ਲਈ ' ਮੁਹਿੰਮ ਅਧੀਨ ਇਕ ਸੈਮੀਨਾਰ ਦਾ ਆਯੋਯਨ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਰੀਆ ਨੇ ਕਿਹਾ ਕਿ ਚੋਣਾਂ ਲੋਕਤੰਤਰ ਵਿਚ ਉਤਸਵ ਵਾਂਗ ਹੁੰਦੀਆ ਹਨ, ਇਹਨਾਂ ਚੋਣਾਂ ਦੇ ਮਹਾਂਉਤਸਵ ਵਿਚ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੀ ਕੀਮਤ ਸਮਝਣੀ ਚਾਹੀਦੀ ਹੈ। ਹਰ ਇੱਕ ਵੋਟ ਮਹੱਤਵਪੂਰਨ ਹੁੰਦਾ ਹੈ। ਸੋ ਫੀਸਦੀ ਮਤਦਾਨ ਨਾਲ ਅਸਥਿਰ ਸਰਕਾਰ, ਲਟਕਦੀ ਸੰਸਦ ਅਤੇ ਚੋਣਾਂ ਪਿੱਛੋਂ ਹੋਣ ਵਾਲੇ ਗੈਰ ਸਿਧਾਂਤਕ ਗਠਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਰਾਜਨੀਤਿਕ ਵਿਕਾਸ ਹੁੰਦਾ ਹੈ। ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਪਹਿਲਾ ਦੀ ਜਯੋਤੀ ਨੇ ਕਿਹਾ ਕਿ ਮਤਦਾਨ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੇ ਇਸ ਕਰਤੱਵ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਨਾਲ ਨਾਗਰਿਕਾਂ ਵਿਚ ਜਿੰਮੇਵਾਰੀ , ਸਿਆਣਪ ਅਤੇ ਰਾਜਨੀਤਿਕ ਸੂਝਬੂਝ ਦੀ ਭਾਵਨਾ ਵਿਕਸਿਤ ਹੁੰਦੀ ਹੈ ਅਤੇ ਦੇਸ਼ ਦਾ ਵਿਕਾਸ ਹੁੰਦਾ ਹੈ।
ਤੀਜੇ ਨੰਬਰ ਤੇ ਆਉਣ ਵਾਲੇ ਬੀ. ਏ ਭਾਗ ਪਹਿਲਾ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਚੋਣਾਂ ਵਿਚ ਹਰੇਕ ਨਾਗਰਿਕ ਨੂੰ ਬਿਨ੍ਹਾਂ ਕਿਸੇ ਲਾਲਚ ਦੇ ਨਿਡਰ ਹੋ ਕੇ ਆਪਣੇ ਮਨਪਸੰਦ ਯੋਗ ਅਤੇ ਜਿੰਮੇਵਾਰ ਉਮੀਦਵਾਰ ਨੂੰ ਵਿਕਾਸ ਦੇ ਮੁੱਦੇ ਤੇ ਵੋਟ ਦੇਣਾ ਚਾਹੀਦਾ ਹੈ । ਇਸ ਨਾਲ ਭਾਰਤ ਵਿਚ ਸੰਸਦੀ ਲੋਕਤੰਤਰ ਮਜਬੂਤ ਹੋਵੇਗਾ। ਇਸ ਮੌਕੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਵੱਟ ਦਾ ਪ੍ਰਯੋਗ ਕਰਨ ਦਾ ਸੰਕਲਪ ਵੀ ਲਿਆ ਗਿਆ। ਇਸ ਮੌਕੇ ਪ੍ਰੋ: ਆਰ .ਕੇ ਗੁਪਤਾ ਅਤੇ ਪ੍ਰੋ: ਬੋਬੀ ਨੇ ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਵੋਟ ਦਾ ਪ੍ਰਯੋਗ ਕਰਨ ਲਈ ਆਪਣੇ ਪਰਿਵਾਰ ਅਤੇ ਸਮਾਜ ਵਿਚ ਪ੍ਰਚਾਰ ਕਰਨ ਲਈ ਉਤਸਾਹਿਤ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਬੀ.ਏ / ਬੀ.ਕਾਮ ਕ੍ਰਮਵਾਰ ਭਾਗ ਪਹਿਲਾ, ਦੂਜਾ ਅਤੇ ਤੀਜਾ ਦਾ ਯੋਗਦਾਨ ਸਲਾਘਾਯੋਗ ਸੀ।