Sad News: ਪੰਜਾਬੀ ਯੂਨੀਵਰਸਿਟੀ ਦੇ Additional Controller ਪ੍ਰੀਖਿਆਵਾਂ ਡਾ. ਬਾਲ ਕ੍ਰਿਸ਼ਨ ਦਾ ਦੇਹਾਂਤ
-ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਪਟਿਆਲਾ, 26 ਮਾਰਚ 2024- ਪੰਜਾਬੀ ਯੂਨੀਵਰਸਿਟੀ ਦੇ ਵਧੀਕ ਕੰਟਰੋਲਰ ਪ੍ਰੀਖਿਆਵਾਂ ਡਾ. ਬਾਲ ਕ੍ਰਿਸ਼ਨ ਦਾ ਅੱਜ ਦਿੱਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਡਾ. ਬਾਲ ਕ੍ਰਿਸ਼ਨ ਆਪਣੇ ਪਿੱਛੇ ਆਪਣੀ ਪਤਨੀ, ਇੱਕ ਬੇਟਾ ਅਤੇ ਇੱਕ ਬੇਟੀ ਨੂੰ ਛੱਡ ਗਏ ਗਏ ਹਨ।
ਡਾ. ਬਾਲ ਕ੍ਰਿਸ਼ਨ ਨੂੰ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਉਹ ਯੂਨੀਵਰਸਿਟੀ ਵਿਖੇ ਪ੍ਰੀਖਿਆ ਸ਼ਾਖਾ ਵਿਚਲੇ ਆਪਣੇ ਦਫ਼ਤਰ ਵਿੱਚ ਸਨ । ਡਾ. ਬਾਲ ਕ੍ਰਿਸ਼ਨ ਵਧੀਕ ਕੰਟਰੋਲਰ ਪ੍ਰੀਖਿਆਵਾਂ ਤੋਂ ਇਲਾਵਾ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਸਨ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਡਾ. ਬਾਲ ਕ੍ਰਿਸ਼ਨ ਦੇ ਅਚਨਚੇਤੀ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਡਾ. ਬਾਲ ਕ੍ਰਿਸ਼ਨ ਬਹੁਤ ਹੀ ਨਿਮਰ ਸੁਭਾਅ ਦੇ ਜ਼ਿੰਮੇਵਾਰ ਅਧਿਕਾਰੀ ਸਨ। ਪੰਜਾਬੀ ਯੂਨੀਵਰਸਿਟੀ ਵਿੱਚ ਅਧਿਆਪਨ ਸੇਵਾਵਾਂ ਦੇ ਨਾਲ-ਨਾਲ ਪ੍ਰਬੰਧਕੀ ਅਤੇ ਅਕਾਦਮਿਕ ਕਾਰਜਾਂ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਪ੍ਰੀਖਿਆ ਸ਼ਾਖਾ ਦੇ ਕੰਮ ਨੂੰ ਸੁਚਾਰੂ ਅਤੇ ਬਿਹਤਰ ਬਣਾਉਣ ਤੋਂ ਲੈ ਕੇ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸੁਹਿਰਦ ਪ੍ਰਬੰਧਨ ਤੱਕ ਉਨ੍ਹਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਯੂਨੀਵਰਸਿਟੀ ਨੂੰ ਵੱਡਾ ਘਾਟਾ ਹੈ।
ਸ਼ਾਮ ਨੂੰ ਹੋਏ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਅਸ਼ੋਕ ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ, ਵਾਈਸ-ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲਾ ਹਾਜ਼ਰ ਰਿਹਾ।