ਡਾ.ਪ੍ਰੀਤੀ ਯਾਦਵ ਨੇ ਹੋਲਾ ਮਹੱਲਾ ਦੀ ਅਮਨ ਅਮਾਨ ਨਾਲ ਸਪੰਨਤਾ ਤੇ ਸਮੁੱਚੀ ਲੋਕਾਈ ਦਾ ਕੀਤਾ ਧੰਨਵਾਦ
ਹੋਲਾ ਮਹੱਲਾ ਉਪਰੰਤ ਮੇਲਾ ਖੇਤਰ ਦੀ ਸਫਾਈ, ਕੂੜਾ ਪ੍ਰਬੰਧਨ ਲਈ ਜੁਟੇ ਵੱਖ ਵੱਖ ਵਿਭਾਗ
ਸ਼ਰਧਾਲੂਆਂ/ਸੰਗਤਾਂ ਦਾ ਮਿਲਿਆ ਸਹਿਯੋਗ, ਸੰਸਥਾਵਾ ਦੀ ਭੂਮਿਕਾ ਰਹੀ ਸ਼ਲਾਘਾਯੋਗ, ਅਧਿਕਾਰੀਆਂ ਨੇ ਸੇਵਾ ਦੀ ਭਾਵਨਾ ਨਾਲ ਨਿਭਾਈ ਜਿੰਮੇਵਾਰੀ
ਚੁਸਤ ਦਰੁਸਤ ਰਿਹਾ ਪੁਲਿਸ ਪ੍ਰਸਾਸ਼ਨ, ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਬਾਵਜੂਦ ਸੁਚਾਰੂ ਰਹੇ ਪ੍ਰਬੰਧ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 27 ਮਾਰਚ ,2024 ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਨੇ ਸਮੁੱਚੀ ਲੋਕਾਈ ਨੂੰ ਹੋਲਾ ਮਹੱਲਾ ਦੀ ਅਮਨ ਅਮਾਨ ਨਾਲ ਸੰਪੂਰਨਤਾ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਹਮੇਸ਼ਾ ਸ਼ਰਧਾਲੂਆਂ ਤੇ ਸੰਗਤਾਂ ਦੀ ਵੱਡੀ ਗਿਣਤੀ ਵਿਚ ਆਮਦ ਰਹਿੰਦੀ ਹੈ। ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਤੋ ਵਿਸਾਖੀ ਤੱਕ ਇਹ ਆਮਦ ਕਈ ਗੁਣਾ ਵੱਧ ਜਾਂਦੀ ਹੈ, ਇਸ ਲਈ ਪਿਛਲੇ ਦੋ ਮਹੀਨੇ ਤੋਂ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਵਿਭਾਗ ਦਿਨ ਰਾਤ ਪ੍ਰਬੰਧਾਂ ਵਿੱਚ ਲੱਗਿਆ ਹੋਈਆਂ ਸੀ। ਲੱਖਾਂ ਲੋਕਾਂ ਦੀ ਆਮਦ ਮੌਕੇ ਸਾਰੇ ਪ੍ਰਬੰਧ ਸੁਚਾਰੂ ਰਹੇ, ਬਹੁਤ ਸਾਰੀਆਂ ਸੰਸਥਾਵਾਂ, ਸੁਸਾਇਟੀਆਂ, ਕਲੱਬਾਂ ਨੇ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਅਤੇ ਸਾਡੇ ਅਧਿਕਾਰੀ ਤੇ ਕਰਮਚਾਰੀ ਸੇਵਾ ਦੀ ਭਾਵਨਾ ਨਾਲ ਦਿਨ ਰਾਤ ਜੁਟੇ ਰਹੇ।
21 ਤੋ 23 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 24 ਤੋ 26 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਏ ਗਏ ਹੋਲਾ ਮਹੱਲਾ ਤਿਉਹਾਰ ਮੌਕੇ ਲੱਖਾਂ ਸੰਗਤਾਂ ਨੇ ਗੁਰੂ ਨਗਰੀ ਪਹੁੰਚ ਕੇ ਗੁਰੂਧਾਮਾਂ ਦੇ ਦਰਸ਼ਨ ਕੀਤੇ। ਵੱਡੀ ਗਿਣਤੀ ਲੋਕਾਂ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ, ਪ੍ਰਸਾਸ਼ਨ ਵੱਲੋਂ ਲੋਕਾਂ ਲਈ ਸਾਰੀਆਂ ਜਰੂਰੀ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਗਈਆ। ਸੁੱਧ ਪੀਣ ਵਾਲੇ ਪਾਣੀ ਦੇ ਬੈਟਰੀ ਟੈਪ, ਆਰਜੀ ਪਖਾਨੇ, ਵੱਖ ਵੱਖ ਥਾਵਾ ਤੇ ਬਣਾਈਆਂ ਮੈਡੀਕਲ ਪੋਸਟਾਂ, ਪਸ਼ੂ ਡਿਸਪੈਂਸਰੀਆਂ, ਐਮਬੂਲੈਂਸ, ਪਾਰਕਿੰਗ ਦਾ ਢੁਕਵਾ ਪ੍ਰਬੰਧ ਕੀਤਾ ਗਿਆ, ਨਿਰਵਿਘਨ ਬਿਜਲੀ ਸਪਲਾਈ, ਸਟਰੀਟ ਲਾਈਟ ਦੀ ਸੁਚਾਰੂ ਵਿਵਸਥਾ ਕੀਤੀ ਗਈ।
ਵਿਰਾਸਤ ਏ ਖਾਲਸਾ ਵਿੱਚ ਆਮ ਨਾਲੋ ਚਾਰ ਗੁਣਾ ਵੱਧ ਆਮਦ ਦਰਜ ਕੀਤੀ ਗਈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ, ਉਥੇ ਐਡਵੈਂਚਰ ਸਪੋਰਟਸ, ਹੋਟ ਏਅਰ ਬੈਲੂਨ, ਵਾਟਰ ਵੋਟਿੰਗ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ, ਸਵੀਪ ਗਤੀਵਿਧੀਆਂ ਲਈ ਵੀ ਕਈ ਕਾਊਂਟਰ ਸਥਾਪਿਤ ਹੋਏ, ਪੰਜ ਪਿਆਰਾ ਪਾਰਕ ਦੀ ਦਿਲਕਸ਼ ਖਿੱਚ ਨੇ ਸੈਲਾਨੀਆਂ ਨੂੰ ਆਪ ਮੁਹਾਰੇ ਖਿੱਚ ਕੇ ਰੱਖਿਆਂ। ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਵੀ ਗਿਣਤੀ ਅੱਗੇ ਨਾਲੋ ਵੱਧ ਨਜ਼ਰ ਆ ਰਹੀ ਸੀ।
ਪ੍ਰਸਾਸ਼ਨ ਦਾ ਨਿਵੇਕਲਾ ਉਪਰਾਲਾ ਚਰਨ ਗੰਗਾ ਸਟੇਡੀਅਮ ਵਿੱਚ ਦੋ ਰੋਜ਼ਾ ਨਿਹੰਗ ਓਲੰਪਿਕਸ ਨੇ ਵੱਖਰੀਆਂ ਧਮਾਲਾ ਪਾਈਆਂ, ਉਥੇ ਦਿਲਾਂ ਦੀ ਧੜਕਣਾ ਰੋਕਣ ਵਾਲੀਆਂ ਖੇਡਾਂ ਤੀਰ ਅੰਦਾਜੀ, ਕਿੱਲਾ ਪੁੱਟਣਾ, ਘੋੜ ਦੌੜ, ਗੱਤਕਾ ਮੁੱਖ ਆਕਰਸ਼ਣ ਬਣੇ ਰਹੇ। ਕਵੀਸ਼ਰੀ ਤੇ ਢਾਡੀ ਤੇ ਦਸਤਾਰ ਬੰਦੀ ਮੁਕਾਬਲੇ, ਕਰਾਫਟ ਸਟਾਲ ਅਤੇ ਹਾਥੀਆਂ ਦਾ ਪ੍ਰਦਰਸ਼ਨ ਵੀ ਬੇਹੱਦ ਨਿਵੇਕਲਾ ਉਪਰਾਲਾ ਬਣੀਆਂ ਰਿਹਾ। ਸੱਭਿਆਚਾਰਕ ਪੇਸ਼ਕਾਰੀਆਂ ਨਾਲ ਵਿਰਸਾ, ਇਤਿਹਾਸ ਅਤੇ ਧਰਮ ਦੀ ਜਾਣਕਾਰੀ ਦਿੱਤੀ ਗਈ।
ਹੋਲਾ ਮਹੱਲਾ ਮੌਕੇ ਕੂੜਾ ਪ੍ਰਬੰਧਨ ਲਈ ਪ੍ਰਸਾਸ਼ਨ ਪੱਬਾ ਭਾਰ ਰਿਹਾ, ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਇਕੱਠਾ ਕਰਕੇ ਉਨ੍ਹਾਂ ਦਾ ਵਿਸੇਸ਼ ਪਿੱਟ ਬਣਾ ਕੇ ਪ੍ਰਬੰਧਨ ਕੀਤਾ ਗਿਆ, ਪ੍ਰਸਾਸ਼ਨ ਵੱਲੋਂ ਸਿੰਗਲ ਯੂਜ ਪਲਾਸਟਿਕ ਮੁਕਤ ਹੋਲਾ ਮਹੱਲਾ ਮਨਾਉਣ ਦੀ ਅਪੀਲ ਵੀ ਅਸਰਦਾਰ ਰਹੀ। ਪੁਲਿਸ ਵਿਭਾਗ ਵੱਲੋਂ ਪ੍ਰਸਾਸ਼ਨ ਨਾਲ ਮਿਲ ਕੇ ਡੇਰਾ ਮੁਖੀਆਂ ਨਾਲ ਕੀਤੀਆਂ ਬੈਠਕਾਂ ਵੀ ਕਾਰਗਰ ਸਿੱਧ ਹੋਈਆਂ, ਨਸ਼ਾ ਵਿਕਰੇਤਾ, ਭਿਖਾਰੀ ਅਤੇ ਗੈਰ ਸਮਾਜੀ ਅਨਸਰਾਂ ਨੂੰ ਮੇਲਾ ਖੇਤਰ ਤੋ ਦੂਰ ਰੱਖਣ ਵਿਚ ਵੀ ਸਫਲਤਾ ਮਿਲੀ, ਅਮਨ ਅਤੇ ਕਾਨੂੰਨ ਨੂੰ ਪੂਰੀ ਤਰਾਂ ਬਰਕਰਾਰ ਰੱਖਿਆ ਗਿਆ, ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ 9 ਐਸ.ਪੀ ਅਤੇ 30 ਡੀ.ਐਸ.ਪੀ ਸਮੇਤ 3800 ਅਧਿਕਾਰੀ/ਕਰਮਚਾਰੀ ਦਿਨ ਰਾਤ ਚੋਂਕਸ ਰਹੇ, ਜਿਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਰੱਖਿਆ।
ਗੁਲਨੀਤ ਸਿੰਘ ਖੁਰਾਨਾ ਜਿਲ੍ਹਾ ਪੁਲਿਸ ਮੁਖੀ ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦੀਆਂ ਕੀਤੀਆਂ ਹਦਾਇਤਾਂ ਵੀ ਅਸਰਦਾਰ ਰਹੀਆਂ। ਹੋਲਾ ਮਹੱਲਾ ਦੀ ਸੰਪੂਰਨਤਾ ਉਪਰੰਤ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਮੇਲਾ ਖੇਤਰ ਨੂੰ ਸਵੱਛ ਤੇ ਸਾਫ ਸੁਥਰਾ ਰੱਖਣ ਲਈ ਨਗਰ ਕੋਂਸਲਾਂ ਦੇ ਕਰਮਚਾਰੀ ਦਿਨ ਰਾਤ ਲੱਗੇ ਹੋਏ ਹਨ। ਇਸ ਪ੍ਰਸਾਸ਼ਨ ਦੇ ਉਪਰਾਲਿਆਂ ਦੀ ਹਰ ਪਾਸੀਓ ਭਰਪੂਰ ਸ਼ਲਾਘਾ ਹੋ ਰਹੀ ਹੈ, ਜਿੱਥੇ ਪ੍ਰਸਾਸ਼ਨ ਨੇ ਹਜ਼ਾਰਾ ਲੋਕਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ, ਉਥੇ ਵੋਟ ਪਾਉਣ ਦਾ ਮਹੱਤਵ ਅਤੇ ਵੋਟ ਦੀ ਵਰਤੋਂ ਬਾਰੇ ਵੀ ਦੱਸਿਆ।