ਬੱਚਿਆਂ ਵਿੱਚ ਖੂਨ ਦੀ ਕਮੀ ਨਾਲ ਸਰੀਰਕ ਤੰਦਰੁਸਤੀ ਤੇ ਵਿਕਾਸ ‘ਤੇ ਪੈਂਦਾ ਮਾੜਾ ਅਸਰ : ਡਾ. ਗੀਤਾਂਜਲੀ ਸਿੰਘ
- ਸਿਹਤਮੰਦ ਸਰੀਰ ਤੇ ਤੇਜ਼ ਦਿਮਾਗ ਲਈ ਆਇਰਨ ਫੌਲਿਕ ਐਸਿਡ ਦੀ ਖੁਰਾਕ ਜ਼ਰੂਰੀ
- ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਵਿਖੇ ਹਫ਼ਤਾਵਾਰੀ ਅਇਰਨ ਅਤੇ ਫੌਲਿਕ ਐਸਿਡ ਸਪਲੀਮੈਂਟੇਸ਼ਨ ਸਬੰਧੀ ਟ੍ਰੇਨਿੰਗ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 28 ਮਾਰਚ 2024: ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਤੇ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਵਿਖੇ ਅੱਜ ਹਫ਼ਤਾਵਾਰੀ ਅਇਰਨ ਅਤੇ ਫੌਲਿਕ ਐਸਿਡ ਸਪਲੀਮੈਂਟੇਸ਼ਨ ਸਬੰਧੀ ਸਕੂਲ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਸਕੂਲਾਂ ਦੇ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਅਇਰਨ ਅਤੇ ਫੌਲਿਕ ਐਸਿਡ ਸਪਲੀਮੈਂਟੇਸ਼ਨ ਸਬੰਧੀ ਜਾਣਕਾਰੀ ਦਿੱਤੀ ਅਤੇ ਖੂਨ ਦੀ ਕਮੀ ਨਾਲ ਬੱਚਿਆਂ ਵਿਚ ਹੋਣ ਵਾਲੀਆਂ ਗੰੰਭੀਰ ਬਿਮਾਰੀਆਂ ਦੇ ਖ਼ਤਰੇ ਬਾਰੇ ਬਾਰੀਕੀ ਨਾਲ ਦੱਸਿਆ।
ਡਾ. ਸਿੰਘ ਨੇ ਦੱਸਿਆ ਕਿ ਬੱਚਿਆਂ ਵਿੱਚ ਅਨੀਮੀਆ ਇਕ ਅਜਿਹੀ ਸਮੱਸਿਆ ਹੈ, ਜਿਸ ਵਿੱਚ ਸ਼ਰੀਰ ਵਿੱਚ ਖੂਨ ਦੀ ਕਮੀ ਹੋ ਜਾਦੀ ਹੈ ਅਤੇ ਸਰੀਰਕ ਤੰਦਰੁਸਤੀ ਤੇ ਵਾਧੇ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਸੱਮਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਨਿਰੰਤਰ ੳਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹਫਤਾਵਰੀ ਆਇਰਨ ਫੌਲਿਕ ਐਸਿਡ ਸਪਲੀਮੈਂਟ ਤਹਿਤ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਤੇ ਆਂਗਣਵਾੜੀ ਕੇਦਰਾਂ ਵਿਖੇ ਰਜਿਸਟਰਡ ਬੱਚਿਆਂ ਨੂੰ ਹਫਤੇ ਵਿੱਚ ਇਕ ਵਾਰ ਆਇਰਨ ਫੋਲਿਕ ਐਸਿਡ ਦੀ ਮੁਫ਼ਤ ਗੋਲੀ ਖੁਆਈ ਜਾਂਦੀ ਹੈ। ਆਇਰਨ ਫੌਲਿਕ ਐਸਿਡ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ। ਇਹ ਖੂਨ ਵਿੱਚ ਆਇਰਨ ਦੀ ਮਾਤਰਾ ਨੂੰ ਵਧਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਆਇਰਨ ਤੇ ਫੌਲਿਕ ਐਸਿਡ ਸਪਲੀਮੈਂਟੇਸ਼ਨ ਦੇਣਾ ਬਹੁਤ ਜ਼ਰੂਰੀ ਹੈ। ਜੇ ਬੱਚਿਆਂ ਵਿੱਚ ਖੂਨ ਦੀ ਕਮੀ ਹੋ ਜਾਵੇ ਤਾਂ ਇਸ ਨਾਲ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਖੂਨ ਦੀ ਕਮੀ ਬੱਚਿਆਂ ਦੀ ਸਿਹਤ ਲਈ ਇੱਕ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਦੱਸਿਆ ਕਿ ਖ਼ੂਨ ਦੀ ਕਮੀ ਕਾਰਨ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ, ਜਿਸ ਕਾਰਨ ਬੱਚੇ ਦਾ ਮਨ ਕਿਸੇ ਵੀ ਕੰਮ ਵਿਚ ਨਹੀਂ ਲੱਗਦਾ। ਬੱਚਿਆਂ 'ਚ ਖ਼ੂਨ ਦੀ ਕਮੀ ਦੂਰ ਕਰਨ ਲਈ ਉਮਰ ਦੇ ਹਿਸਾਬ ਨਾਲ ਹਫਤੇ 'ਚ ਇੱਕ ਵਾਰ ਆਇਰਨ ਤੇ ਫੌਲਿਕ ਐਸਿਡ ਦੀ ਖੁਰਾਕ ਦਿੱਤੀ ਜਾਂਦੀ ਹੈ।
ਇਸ ਮੌਕੇ ਆਯੂਰਵੈਦਿਕ ਮੈਡੀਕਲ ਅਫਸਰ ਡਾ ਸੂਰਜ ਬਾਲੀ ਨੇ ਕਿਹਾ ਕਿ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਕੂਲਾਂ ਤੇ ਆਂਗਣਵਾੜੀ ਕੇਦਰਾਂ ਵਿੱਚ ਖੂਨ ਦੀ ਕਮੀ ਵਾਲੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਤੇ ਉਮਰ ਦੇ ਹਿਸਾਬ ਨਾਲ ਹਫਤਾਵਾਰੀ ਆਇਰਨ ਤੇ ਫੌਲਿਕ ਐਸਿਡ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸੰਤੁਲਿਤ ਆਹਾਰ, ਹੱਥ ਧੋਣ ਦੀ ਵਿਧੀ ਅਤੇ ਸਿਹਤਮੰਦ ਆਦਤਾਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਸਰੀਰ ਵਿੱਚ ਖੂਨ ਦੀ ਸਹੀ ਮਾਤਰਾ ਲਈ ਆਇਰਨ ਭਰਪੂਰ ਚੀਜਾਂ ਜਿਵੇ ਕਿ ਹਰੀਆ ਪੱਤੇਦਾਰ ਸਬਜੀਆ, ਪਪੀਤਾ, ਅਮਰੂਦ, ਛੋਲੇ, ਦਾਲਾਂ, ਮੀਟ, ਮੱਛੀ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਵਿਟਾਮਿਨ ਸੀ ਯੁਕਤ ਚੀਜਾਂ ਜਿਵੇ ਕਿ ਪੱਤੇਦਾਰ ਗੋਭੀ, ਨਿੰਬੂ, ਟਮਾਟਰ, ਸੰਤਰਾ, ਕਿੰਨੂ ਤਰਬੂਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਡਾ. ਰਾਜਵਿੰਦਰ ਕੌਰ, ਸ਼੍ਰੀਮਤੀ ਬਲਵਿੰਦਰ ਰਾਣਾ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀਮਤੀ ਕਾਂਤਾ ਦੇਵੀ, ਸ਼੍ਰੀਮਤੀ ਬਿਮਲਾ ਦੇਵੀ, ਸ਼੍ਰੀ ਰਵਿੰਦਰ ਕੁਮਾਰ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀ ਸੁਰਿੰਦਰ ਕੁਮਾਰ, ਸਕੂਲ ਟੀਚਰ ਅਤੇ ਆਂਗਨਵਾੜੀ ਵਰਕਰ ਹਾਜ਼ਰ ਸਨ ।