ਖਰੀਦ ਪ੍ਰਬੰਧਾਂ ਦੀ ਨਾਕਾਮੀ ਕਾਰਨ ਸੰਕਟ ਵਿੱਚ ਫਸੇ ਕਿਸਾਨ - ਭਾਕਿਯੂ (ਏਕਤਾ) ਡਕੌਂਦਾ
ਅਸ਼ੋਕ ਵਰਮਾ
ਮਾਨਸਾ, 14ਅਪਰੈਲ 2024: ਹਾੜੀ ਦੇ ਸ਼ੀਜਨ ਵਿੱਚ ਕਣਕ ਦੀ ਵਢਾਈ ਜੋਰਾਂ ਤੇ ਹੈ ਪਰ ਮੰਡੀਆਂ ਵਿੱਚ ਕਣਕ ਦੀ ਖਰੀਦ, ਬੋਲੀ ਅਤੇ ਲਿਫਟਿੰਗ ਦਾ ਕੰਮ ਪੂਰੀ ਤਰਾਂ ਠੱਪ ਹੈ । ਮਾਨਸਾ ਜਿਲ੍ਹੇ ਦੀਆਂ ਜਿਆਦਾਤਰ ਮੰਡੀਆਂ ਵਿੱਚ ਹਾਲੇ ਤੱਕ ਇੱਕ ਵੀ ਦਾਣੇ ਦੀ ਖਰੀਦ ਤੱਕ ਨਹੀ ਕੀਤੀ ਗਈ।
ਜਥੇਬੰਦੀ ਵੱਲੋਂ ਅੱਜ ਜਿਲੇ ਦੀਆਂ ਭੀਖੀ, ਮਾਨਸਾ, ਬੁਢਲਾਡਾ, ਝੁਨੀਰ ਅਤੇ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਮੌਸਮ ਦੇ ਖਰਾਬ ਹੋਣ ਕਾਰਨ ਖੇਤ ਵਿੱਚ ਖੜੀ ਅਤੇ ਮੰਡੀਆਂ ਵਿੱਚ ਰੁਲ ਰਹੀ ਫਸਲ ਦੇ ਫਿਕਰ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਖਰੀਦ ਪ੍ਰਬੰਧਾਂ ਵਿੱਚ ਖਰਾਬੀ ਹੋਣ ਕਾਰਨ ਕਿਸਾਨ ਡੂਘੇ ਸੰਕਟ ਵਿੱਚ ਫਸੇ ਹੋਏ ਹਨ।
ਸਰਕਾਰ ਵੱਲੋਂ, ਮੌਸਮ ਦੇ ਖਰਾਬੇ ਅਤੇ ਹਵਾ ਵਿੱਚ ਚੱਲ ਰਹੀ ਸਿੱਲ ਕਾਰਨ ਤਾਪਮਾਨ ਵਿੱਚ ਆ ਰਹੀ ਕਮੀ ਨੂੰ ਦੇਖਦੇ ਹੋਏ ਕਣਕ ਦੀ ਨਮੀ ਵਿੱਚ ਛੋਟ ਨੂੰ 12% ਤੋਂ ਵਧਾ ਕੇ 14% ਕੀਤਾ ਜਾਵੇ ਅਤੇ ਨਾਲ ਹੀ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਦਫ਼ਤਰਾਂ ਅਤੇ ਖਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕਰੇ । ਜੇਕਰ ਸਰਕਾਰ ਇਸ ਮਸਲੇ ਨੂੰ ਅੱਖੋ ਪਰੋਖੇ ਕਰਦੀ ਹੈ ਤਾਂ ਭਾਕਿਯੂ (ਏਕਤਾ) ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸਖਤ ਐਕਸ਼ਨ ਉਲੀਕਣ ਲਈ ਮਜ਼ਬੂਰ ਹੋਵੇਗੀ ।