ਪੀ.ਏ.ਯੂ. ਮਾਹਿਰਾਂ ਨੇ ਸਰਫੇਸ ਸੀਡਰ ਤਕਨੀਕ ਨਾਲ ਬੀਜੇ ਖੇਤਾਂ ਦਾ ਦੌਰਾ ਕੀਤਾ
ਲੁਧਿਆਣਾ 19 ਅਪ੍ਰੈਲ, 2024 - ਬੀਤੇ ਦਿਨੀਂ ਪੀ.ਏ.ਯੂ. ਮਾਹਿਰਾਂ ਦੀ ਇਕ ਟੀਮ ਜ਼ਿਲ੍ਹਾ ਲੁਧਿਆਣਾ ਦੇ ਕਈ ਪਿੰਡਾਂ ਦੇ ਦੌਰੇ ਤੇ ਗਈ| ਇਸ ਟੀਮ ਨੇ ਬੀਤੇ ਸੀਜ਼ਨ ਦੌਰਾਨ ਸਰਫੇਸ ਸੀਡਰ ਨਾਲ ਬੀਜੀ ਕਣਕ ਨੂੰ ਵੇਖਿਆ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ| ਇਸ ਟੀਮ ਵਿਚ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਡਾ. ਪੰਕਜ ਕੁਮਾਰ, ਡਾ. ਦਵਿੰਦਰ ਤਿਵਾੜੀ, ਡਾ. ਹਰਸ਼ਨੀਤ ਸਿੰਘ ਅਤੇ ਇੰਜ. ਕਰੁਣ ਸ਼ਰਮਾ ਸ਼ਾਮਿਲ ਸਨ| ਇਸ ਟੀਮ ਨੇ ਭੂੰਦੜੀ, ਕਿਲ਼੍ਹਾ ਰਾਏਪੁਰ, ਪਪੜੌਦੀ, ਸੰਗਤਪੁਰਾ ਅਤੇ ਬੌਂਦਲੀ ਦਾ ਦੌਰਾ ਕੀਤਾ| ਟੀਮ ਨੇ ਇਹਨਾਂ ਪਿੰਡਾਂ ਦੇ ਉਹਨਾਂ ਕਿਸਾਨਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਕਣਕ ਦੀ ਬਿਜਾਈ ਸਰਫੇਸ ਸੀਡਰ ਨਾਲ ਕੀਤੀ ਸੀ| ਕਿਸਾਨਾਂ ਨੇ ਇਸ ਤਕਨੀਕ ਨੂੰ ਅਪਨਾਉਣ ਬਾਰੇ ਆਪਣੇ ਹਾਂ ਪੱਖੀ ਵਿਚਾਰ ਸਾਂਝੇ ਕੀਤੇ| ਉਹਨਾਂ ਨੇ ਫਸਲ ਦੇ ਭਰਪੂਰ ਜੰਮ ਅਤੇ ਬਿਨਾਂ ਡਿੱਗੇ ਖੜੇ ਰਹਿਣ ਤੇ ਤਸੱਲੀ ਪ੍ਰਗਟ ਕੀਤੀ| ਕਿਸਾਨਾਂ ਨੇ ਆਸ ਪ੍ਰਗਟਾਈ ਕਿ ਫਸਲ ਦਾ ਝਾੜ ਆਸ ਅਨੁਸਾਰ ਬਿਹਤਰ ਰਹੇਗਾ|
ਡਾ. ਕੁਲਦੀਪ ਸਿੰਘ ਨੇ ਇਹ ਤਕਨਾਲੋਜੀ ਅਪਨਾਉਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਕਿਸਾਨਾਂ ਦੀ ਬਿਹਤਰੀ ਦੇ ਨਾਲ-ਨਾਲ ਵਾਤਾਵਰਨ ਪੱਖੀ ਖੇਤੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਬਰਕਰਾਰ ਰੱਖੀ ਹੈ|