ਪੀ.ਏ.ਯੂ. ਨੇ ਪਾਣੀ ਦੀ ਢੁੱਕਵੀਂ ਵਰਤੋਂ ਲਈ ਪਿੰਡ ਰਾਮਪੁਰ ਵਾਸੀਆਂ ਨੂੰ ਸਿਖਲਾਈ ਦਿੱਤੀ
ਲੁਧਿਆਣਾ 2 ਮਈ 2024 - ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਪੁਰ ਵਿਚ ਕਿਸਾਨੀ ਪਰਿਵਾਰਾਂ ਨੂੰ ਪਾਣੀ ਦੀ ਢੁੱਕਵੀਂ ਵਰਤੋਂ ਬਾਰੇ ਸੁਚੇਤ ਕਰਨ ਬਾਰੇ ਇਕ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ| ਇਸ ਸੈਸ਼ਨ ਦਾ ਮੰਤਵ ਸਥਾਨਕ ਪੱਧਰ ਤੇ ਪਾਣੀ ਦੀ ਬੱਚਤ ਕਰਨ ਦੀਆਂ ਤਕਨੀਕਾਂ ਦਾ ਪਸਾਰ ਕਰਨਾ ਸੀ|
ਫਸਲ ਵਿਗਿਆਨੀ ਡਾ. ਵਿਨੈ ਕੁਮਾਰ ਨੇ ਪੰਜਾਬ ਵਿਚ ਪਾਣੀ ਦੀ ਸਥਿਤੀ ਬਾਰੇ ਗੱਲ ਕਰਦਿਆਂ ਪਾਣੀ ਬਚਾਉਣ ਦੀ ਤਕਨੀਕਾਂ ਜਿਵੇਂ ਤੁਪਕਾ ਸਿੰਚਾਈ, ਲੇਜ਼ਰ ਲੈਵਲਰ, ਛੋਟੇ ਕਿਆਰੇ ਆਦਿ ਦੀ ਗੱਲ ਕੀਤੀ| ਉਹਨਾਂ ਕਿਸਾਨੀ ਪਰਿਵਾਰਾਂ ਨੂੰ ਪਾਣੀ ਬਚਾ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਦੀ ਅਪੀਲ ਕੀਤੀ|
ਡਾ. ਰਿਤੂ ਮਿੱਤਲ ਗੁਪਤਾ ਅਤੇ ਡਾ. ਸੁਖਦੀਪ ਕੌਰ ਨੇ ਵੀ ਸੁਆਣੀਆਂ ਨੂੰ ਘਰੇਲੂ ਪੱਧਰ ਤੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਪਾਣੀ ਬਚਾਉਣ ਦੇ ਨੁਕਤੇ ਦੱਸੇ| ਇਸ ਮੌਕੇ ਪਾਣੀ ਦੀ ਢੁੱਕਵੀਂ ਵਰਤੋਂ ਬਾਰੇ ਇਕ ਫਿਲਮ ਦਾ ਪ੍ਰਦਰਸ਼ਨ ਵੀ ਕੀਤਾ ਗਿਆ| ਮਾਹਿਰਾਂ ਨੇ ਪਾਣੀ ਦੀ ਅਨਮੋਲ ਹੋਂਦ ਦੀ ਗੱਲ ਕਰਦਿਆਂ ਇਸ ਨੂੰ ਕੁਦਰਤ ਦੇ ਵੱਡਮੁੱਲੇ ਸਰੋਤ ਵਜੋਂ ਸੰਭਾਲਣ ਦੀ ਗੱਲ ਕੀਤੀ|
ਇਸ ਮੌਕੇ ਪੰਚਾਇਤ ਮੈਂਬਰ ਸ. ਸੁਖਬੀਰ ਸਿੰਘ, ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਸ. ਬਲਰਾਜ ਸਿੰਘ ਅਤੇ ਪ੍ਰਬੰਧਕ ਸ. ਮਨਦੀਪ ਸਿੰਘ ਵੀ ਮੌਜੂਦ ਸਨ| ਮਾਹਿਰਾਂ ਨੇ ਕਿਸਾਨਾਂ ਅਤੇ ਕਿਸਾਨ ਸੁਆਣੀਆਂ ਵੱਲੋਂ ਇਸ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਉਹਨਾਂ ਦਾ ਧੰਨਵਾਦ ਕੀਤਾ|