PAU ਵਿਚ ਵਿਦਿਆਰਥੀਆਂ ਦੀ ਰਚਨਾਤਮਕ ਲੇਖਣੀ ਦੇ ਮੁਕਾਬਲੇ ਹੋਏ
ਲੁਧਿਆਣਾ 9 ਮਈ 2024- ਪੀ ਏ ਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵਲੋਂ ਵਿਦਿਆਰਥੀਆਂ ਦੀਆਂ ਰਚਨਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਲੇਖਣੀ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਲਿਖਤਾਂ ਕਹਾਣੀ, ਕਵਿਤਾ, ਲੇਖ ਆਦਿ ਨੂੰ ਯੂਨੀਵਰਸਿਟੀ ਦੇ ਮੈਗਜ਼ੀਨ ਦੇ ਆਗਾਮੀ ਸੰਸਕਰਨ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਅੱਸੀ ਦੇ ਕਰੀਬ ਵਿਦਿਆਰਥੀਆਂ ਨੇ ਵੱਖ ਵੱਖ ਸੈਕਸ਼ਨਾਂ ਜਿਵੇਂ ਵਿਗਿਆਨ, ਖੇਡਾਂ, ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।
ਮੁਕਾਬਲਿਆਂ ਦੇ ਇੰਚਾਰਜ ਅਤੇ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ ਦੀਪਿਕਾ ਵਿਗ ਨੇ ਇਸ ਮੌਕੇ ਵਿਦਿਆਰਥੀਆਂ ਲਈ ਉਤਸਾਹਵਰਧਕ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਨਾਲ ਨਾਲ ਸੁਹਜ ਅਤੇ ਸੂਝ ਦੇ ਵਿਕਾਸ ਲਈ ਸਾਹਿਤ ਨਾਲ ਜੁੜਨਾ ਸਰਵਪੱਖੀ ਸ਼ਖ਼ਸੀ ਵਿਕਾਸ ਲਈ ਲਾਜ਼ਮੀ ਹੈ। ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਵਿਕਸਿਤ ਕਰਨ ਦਾ ਮੌਕਾ ਨਹੀਂ ਛੱਡਣਾ ਚਾਹੀਦਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਆਪਣੇ ਸੰਦੇਸ਼ ਵਿਚ ਪੀ ਏ ਯੂ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਪੈੜਾਂ ਨੂੰ ਗੂੜ੍ਹੀਆਂ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਜਸਵਿੰਦਰ ਕੌਰ ਬਰਾੜ, ਡਾ ਰੁਪਿੰਦਰ ਕੌਰ, ਡਾ ਸੁਮੇਧਾ ਭੰਡਾਰੀ, ਡਾ ਆਸ਼ੂ ਤੂਰ, ਡਾ ਪ੍ਰੀਤਿ ਸ਼ਰਮਾ, ਡਾ ਸੀਮਾ ਅਤੇ ਸ਼੍ਰੀ ਸਤਵੀਰ ਸਿੰਘ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ ਤੇ ਮੌਜੂਦ ਸਨ।