ਪੀ.ਏ.ਯੂ. ਨੇ ਮੋਟੇ ਅਨਾਜਾਂ ਤੇ ਅਧਾਰਿਤ ਪਕਵਾਨਾਂ ਦੇ ਤਰੀਕਿਆਂ ਦੀ ਸਿਖਲਾਈ ਪਿੰਡ ਵਾਸੀਆਂ ਨੂੰ ਦਿੱਤੀ
ਲੁਧਿਆਣਾ 9 ਮਈ, 2024 - ਪੀ.ਏ.ਯੂ. ਦੇ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਤਕਨਾਲੋਜੀ ਸਰੋਤ ਕੇਂਦਰ ਦੀ ਸਥਾਪਨਾ ਕੀਤੀ ਹੈ| ਇਸਦੇ ਨਾਲ ਹੀ ਇਸ ਵਿਭਾਗ ਵੱਲੋਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ‘ਖੇਤੀ ਵਿੱਚ ਔਰਤਾਂ’ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੋਪਾਰਾਏ ਕਲਾਂ ਵਿਚ ਮੋਟੇ ਅਨਾਜਾਂ ਬਣਨ ਵਾਲੇ ਪਕਵਾਨਾਂ ਨੂੰ ਬਨਾਉਣ ਦੇ ਤਰੀਕਿਆਂ ਦੀ ਸਿਖਲਾਈ ਵੀ ਦਿੱਤੀ ਗਈ| ਇਹ ਸਿਖਲਾਈ ਪੋਸ਼ਣ ਪੱਖੋਂ ਸਮਾਰਟ ਪਿੰਡ ਪ੍ਰੋਗਰਾਮ ਅਤੇ ਸ਼੍ਰੀ ਅੰਨਾ ਗਰਾਮ ਪ੍ਰੋਗਰਾਮ ਤਹਿਤ ਦਿੱਤੀ ਗਈ| ਇਸ ਵਿਚ 42 ਪੇਂਡੂ ਔਰਤਾਂ ਨੇ ਸ਼ਾਮਿਲ ਹੋ ਕੇ ਮੋਟੇ ਅਨਾਜਾਂ ਤੋਂ ਬਣਨ ਵਾਲੇ ਪਕਵਾਨਾਂ ਬਾਰੇ ਜਾਣਿਆ|
ਵਿਭਾਗ ਦੇ ਮਾਹਿਰ ਡਾ. ਸ਼ਿਵਾਨੀ ਰਾਣਾ ਨੇ ਇਸ ਪਿੰਡ ਦੀ ਸਹਿਕਾਰੀ ਸਭਾ ਵਿਚ ਤਕਨਾਲੋਜੀ ਸਰੋਤ ਕੇਂਦਰ ਸਥਾਪਿਤ ਕਰਨ ਲਈ ਪਿੰਡ ਦੇ ਸਰਪੰਚ ਅਤੇ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਸ. ਪਿਆਰਾ ਸਿੰਘ, ਸੁਸਾਇਟੀ ਦੇ ਸਕੱਤਰ ਗੁਰਪ੍ਰੀਤ ਸਿੰਘ, ਮੈਂਬਰ ਗੁਰਮੇਲ ਸਿੰਘ ਅਤੇ ਕਲਰਕ ਗੁਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਇਸ ਨਾਲ ਪਿੰਡਾਂ ਦੀਆਂ ਕਿਸਾਨ ਬੀਬੀਆਂ ਤੱਕ ਨਵੀਨਤਮ ਜਾਣਕਾਰੀ ਪਹੁੰਚ ਸਕੇਗੀ| ਉਹਨਾਂ ਨੇ ਸਿਖਿਆਰਥੀਆਂ ਨੂੰ ਕੰਮ ਸੌਖੇ ਕਰਨ ਵਾਲੇ ਔਜਾਰਾਂ ਬਾਰੇ ਦੱਸਿਆ ਅਤੇ ਕਿਹਾ ਕਿ ਉਹਨਾਂ ਨਾਲ ਔਰਤਾਂ ਕੰਮ ਕਰਨ ਸਮੇਂ ਸਹੀ ਸਥਿਤੀ ਵਿਚ ਰਹਿ ਕੇ ਛੇਤੀ ਕੰਮ ਮੁਕਾ ਸਕਣਗੀਆਂ|
ਇਸਦੇ ਨਾਲ ਹੀ ਡਾ. ਰਾਣਾ ਨੇ ਮੋਟੇ ਅਨਾਜਾਂ ਦੇ ਸਿਹਤ ਸੰਬੰਧੀ ਲਾਭ ਬਾਰੇ ਦਸਦਿਆਂ ਇਹਨਾਂ ਨੂੰ ਖੁਰਾਕ ਦਾ ਹਿੱਸਾ ਬਨਾਉਣ ਉੱਪਰ ਜ਼ੋਰ ਦਿੱਤਾ| ਉਹਨਾਂ ਨੇ ਕਿਸਾਨ ਬੀਬੀਆਂ ਨੂੰ ਬਹੁਤ ਸਾਰੇ ਨਵੇਂ ਪਕਵਾਨ ਦੱਸੇ ਜਿਨ੍ਹਾਂ ਵਿਚ ਮੋਟੇ ਅਨਾਜਾਂ ਤੋਂ ਬਣਨ ਵਾਲੀ ਖੀਰ, ਪੁੰਗਰੇ ਅਨਾਜਾਂ ਦਾ ਸਲਾਦ, ਪੁਦੀਨੇ ਦੀ ਸ਼ਿਕੰਜਵੀ ਆਦਿ ਪ੍ਰਮੁੱਖ ਸਨ| ਇਹਨਾਂ ਪਕਵਾਨਾਂ ਨੂੰ ਅਤੇ ਪੇਅ ਪਦਾਰਥਾਂ ਨੂੰ ਬਨਾਉਣ ਦੀ ਸਿਖਲਾਈ ਡਾ. ਅਦਿੱਤੀ ਸੇਵਕ ਨੇ ਦਿੱਤੀ| ਡਾ. ਰਾਣਾ ਨੇ ਸਿਖਲਾਈ ਲਈ ਇਹ ਮੌਕਾ ਦਿੱਤੇ ਜਾਣ ਵਾਸਤੇ ਸਭ ਦਾ ਧੰਨਵਾਦ ਕੀਤਾ|