ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਜ਼ੂਮ ਮੀਟਿੰਗ ਹੋਈ. ਜਗਰਾਉਂ ਵਿੱਚ ਹੋਵੇਗੀ 1 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ: ਕਿਸਾਨ ਮੋਰਚਾ
- ਪੰਜਾਬ ਦੇ ਸੰਘਰਸ਼ਮਈ ਇਤਿਹਾਸ 'ਚ ਇਹ ਰੈਲੀ ਮੀਲ ਪੱਥਰ ਸਾਬਤ ਹੋਵੇਗੀ: ਸੰਯੁਕਤ ਕਿਸਾਨ ਮੋਰਚਾ
ਦਲਜੀਤ ਕੌਰ
ਚੰਡੀਗੜ੍ਹ, 10 ਮਈ, 2024: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਜ਼ੂਮ ਮੀਟਿੰਗ ਹੋਈ। ਇਸ ਵਿੱਚ ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਬਲਕਰਨ ਸਿੰਘ ਬਰਾੜ, ਮੇਜਰ ਸਿੰਘ ਪੁੰਨਾਂਵਾਲ, ਡਾਕਟਰ ਦਰਸ਼ਨ ਪਾਲ, ਅੰਗਰੇਜ਼ ਸਿੰਘ ਭਦੌੜ, ਰਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਜਗਮੋਹਨ ਸਿੰਘ ਪਟਿਆਲਾ, ਸੁਖਦੇਵ ਸਿੰਘ ਅਰਾਈਆਂਵਾਲਾ, ਗੁਰਮੀਤ ਸਿੰਘ ਮਹਿਮਾ, ਮੁਕੇਸ਼ ਚੰਦਰ ਸ਼ਰਮਾਂ, ਡਾਕਟਰ ਸਤਨਾਮ ਸਿੰਘ ਅਜਨਾਲਾ, ਸੁਖ ਗਿੱਲ ਮੋਗਾ, ਵੀਰਪਾਲ ਸਿੰਘ, ਫੁਰਮਾਨ ਸਿੰਘ ਸੰਧੂ ਅਤੇ ਜੰਗਵੀਰ ਸਿੰਘ ਚੌਹਾਨ ਨੇ ਭਾਗ ਲਿਆ।
ਮੀਟਿੰਗ ਦੀ ਸ਼ੁਰੂਆਤ ਵਿੱਚ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਮਹਿੰਦਰ ਸਿੰਘ ਉਗਰਾਹਾਂ ਦੇ ਬੇਵਕਤੀ ਵਿਛੋੜੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਵਿੱਚ ਮੁੱਖ ਤੌਰ ਤੇ ਸੱਤ ਮਈ ਨੂੰ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਅਤੇ 21 ਮਈ ਦੀ ਰੈਲੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰੇ ਸਾਥੀਆਂ ਦੇ ਸੁਝਾਅ ਲੈਣ ਤੋਂ ਬਾਅਦ ਫੈਸਲਾ ਹੋਇਆ ਕਿ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਜਥੇਬੰਦੀਆਂ ਨਾਲ ਗੱਲਬਾਤ ਹੋ ਚੁੱਕੀ ਹੈ, ਉਹਨਾਂ ਨੂੰ ਮਾਣ ਤਾਣ ਨਾਲ ਮਹਾਂਰੈਲੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤਿੰਨ ਜਾਂ ਚਾਰ ਨੁਮਾਇੰਦਿਆਂ ਨੂੰ ਸਟੇਜ ਤੋਂ ਬੁਲਾਇਆ ਜਾ ਸਕਦਾ ਹੈ। ਬਾਕੀਆਂ ਨੂੰ ਕੁਰਸੀਆਂ ਤੇ ਬਿਠਾਉ ਅਤੇ ਸਟੇਜ ਤੋਂ ਧੰਨਵਾਦ ਕਰਨਾ ਚਾਹੀਦਾ ਹੈ। ਇਸ ਬਾਰੇ ਸੰਚਾਲਣ ਕਮੇਟੀ 21 ਮਈ ਤੋਂ ਪਹਿਲਾਂ ਆਪਣੀ ਮੀਟਿੰਗ ਕਰਕੇ ਫ਼ੈਸਲਾ ਕਰ ਲਵੇਗੀ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਗਈ ਕਿ 21 ਮਈ ਨੂੰ 11 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਸਾਥੀ ਰੈਲੀ ਵਿੱਚ ਪਹੁੰਚ ਜਾਣ ਤਾਂ ਕਿ ਠੀਕ 11 ਵਜੇ ਸਟੇਜ ਸ਼ੁਰੂ ਕੀਤੀ ਜਾ ਸਕੇ।
ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਜ਼ਿਲਾ ਅਤੇ ਤਹਿਸੀਲ ਪੱਧਰਾਂ ਤੇ 12 ਅਤੇ 13 ਮਈ ਨੂੰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਪੰਜਾਬ ਵਿੱਚ ਕੰਮ ਕਰਦੀਆਂ ਹੋਰ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਵੀ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਰੈਲੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮੀਟਿੰਗ ਨੇ ਸੰਯੁਕਤ ਕਿਸਾਨ ਮੋਰਚੇ ਦਾ ਸਟੈਂਡ ਫਿਰ ਦੁਹਰਾਇਆ ਕਿ ਭਾਜਪਾ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਪਰ ਇਹ ਵਿਰੋਧ ਪੂਰਨ ਸ਼ਾਂਤਮਈ ਰਹੇਗਾ।
ਪਿਛਲੇ ਦਿਨੀ ਰੁਲਦੂ ਸਿੰਘ ਮਾਨਸਾ ਬਾਰੇ ਵਾਇਰਲ ਹੋਈ ਇੱਕ ਵੀਡੀਓ ਦਾ ਨੋਟਿਸ ਲੈਂਦਿਆਂ ਮੀਟਿੰਗ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਇਹ ਵੀਡੀਓ ਕਿਸੇ ਸਾਜ਼ਿਸ਼ ਅਧੀਨ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਲਈ ਬਣਾਈ ਹੈ ਅਤੇ ਬੇਬੁਨਿਆਦ ਦੋਸ਼ ਲਗਾਏ ਗਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਮੀਟਿੰਗ ਦੌਰਾਨ ਬਹੁਤ ਹੀ ਬਰੀਕੀ ਨਾਲ ਵਿਚਾਰ ਵਿਟਾਂਦਰਾ ਕਰਕੇ ਸਿੱਟਾ ਕੱਢਿਆ ਕਿ ਕੰਮ ਦੇ ਦਿਨ, ਚੋਣ ਪ੍ਰਚਾਰ ਦੇ ਮਹੌਲ ਵਿਚ ਇਹ 21 ਮਈ ਦੀ ਜਗਰਾਉਂ ਵਿੱਚ 1 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਪੰਜਾਬ ਦੇ ਸੰਘਰਸ਼ਮਈ ਇਤਿਹਾਸ ਵਿੱਚ ਇਹ ਰੈਲੀ ਮੀਲ ਪੱਥਰ ਸਾਬਤ ਹੋਵੇਗੀ।