ਜਗਰਾਉਂ ਪੁਲਿਸ ਨੇ ਇਲਾਕੇ 'ਚ ਕੀਤੀ ਚੈਕਿੰਗ, ਗਲਤ ਅਨਸਰਾਂ ਨੂੰ ਪਾਈ ਜਾਵੇਗੀ ਨੱਥ - ਡੀਐਸਪੀ
ਜਗਰਾਉਂ 29 ਮਾਰਚ 2024 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਇਲਾਕੇ ਵਿੱਚ ਥਾਂ ਥਾਂ ਤੇ ਨਾਕਾਬੰਦੀ ਕੀਤੀ ਗਈ। ਡੀਐਸਪੀ ਮਨਜੀਤ ਸਿੰਘ ਰਾਣਾ (ਸਪੈਸ਼ਲ ਕ੍ਰਾਈਮ ਅਤੇ ਟਰੈਫਿਕ ) ਦੀ ਅਗਵਾਈ ਹੇਠ ਥਾਣਾ ਸਦਰ ਦੇ ਮੁੱਖ ਅਫਸਰ ਨੰਦ ਲਾਲ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਅਤੇ ਪਿੰਡਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕਾਬੰਦੀ ਕੀਤੀ ਗਈ। ਪੁਲਿਸ ਵੱਲੋਂ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਟਰੈਫਿਕ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਚਲਾਨ ਕੀਤੇ ਗਏ। ਇਸ ਮੌਕੇ ਪੁਲਿਸ ਨੇ ਕਈਆਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜਾਇਆ ਅਤੇ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਥਾਣਾ ਸਦਰ ਦੇ ਮੁੱਖ ਅਫਸਰ ਨੰਦ ਲਾਲ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਅਤੇ ਦੋ ਪਈਆ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।