ਪੋਸਟਰ ਮੁਹਿੰਮ ਦਾ ਬਲਾਕ ਮੁਕੰਦਪੁਰ ਵਿੱਚ ਐਨ ਪੀ ਐਸ ਤੋਂ ਦੁਖੀ ਮੁਲਾਜ਼ਮਾ ਨੇ ਆਗਾਜ਼ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 09 ਮਈ 2024 - ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਸੂਬੇ ਅੰਦਰ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਸੰਬੰਧੀ ਰੋਸ ਵਜੋਂ ਸ਼ੁਰੂ ਕੀਤੇ ਆਪਣੇ ਘਰ ਦੇ ਗੇਟ ਉੱਤੇ ਪੋਸਟਰ ਲਗਾਉ ਮੁਹਿੰਮ ਨੂੰ ਉਸ ਸਮੇਂ ਹੋਰ ਵੀ ਉਤਸਾਹ ਮਿਲਿਆਂ ਜਦੋਂ ਹਰਚਰਨਜੀਤ ਸਿੰਘ ਬਲਾਕ ਕਨਵੀਨਰ ਅਤੇ ਮੈਮ ਮੀਨਾਕਸ਼ੀ ਨੇ ਬਲਾਕ ਮੁਕੰਦਪੁਰ ਵਿੱਚ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਨਣ ਲਈ ਪ੍ਰੇਰਿਤ ਕਰਨ ਦਾ ਜੁੰਮਾ ਲਿਆ। ਦੋਵਾਂ ਆਗੂਆਂ ਨੇ ਪ੍ਰੈਸ ਨੂੰ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਹੁਣ ਉਹੀ ਪਾਰਟੀ ਸੱਤਾ ਤੇ ਰਾਜ ਕਰੇਗੀ,ਜਿਹੜੀ ਮੁਲਾਜਮਾਂਦੀ ਪੁਰਾਣੀ ਪੈਨਸ਼ਨ ਬਹਾਲ ਕਰੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ ਦਾ ਮੁੱਦਾ ਅੱਜ ਲੋਕ ਸਭਾ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ।
ਉਨ੍ਹਾਂ ਕਿਹਾ ਕਿ ਪੈਨਸ਼ਨ ਮੁਲਾਜ਼ਮ ਦਾ ਹੱਕ ਹੈ,ਮੁਲਾਜ਼ਮ ਇਸ ਨੂੰ ਪ੍ਰਾਪਤ ਕਰਕੇ ਰਹਿਣਗੇ। ਉਨ੍ਹਾਂ ਕਿਹਾ ਮੁਲਾਜ਼ਮਾਂ ਨੇ ਇਸ ਵਾਰ ਝੂਠੀਆਂ ਅਤੇ ਲਾਰੇ ਲਾਉਣ ਵਾਲੀਆਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਸੱਤਾਂ ਤੋਂ ਪਾਸੇ ਕਰਨ ਦਾ ਪੱਕਾ ਮਨ ਬਣਾ ਲਿਆ ਹੈ ਕਿਉਂਕਿ ਮੌਕੇ ਦੀਆਂ ਸਰਕਾਰਾਂ ਨੇ ਇਨ੍ਹਾਂ ਮੁਲਾਜ਼ਮਾ ਨੂੰ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਦਿੱਤਾ। ਪੰਜਾਬ ਦੀ ਮੌਜੂਦਾ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਐਨ ਪੀ ਐਸ ਤੋਂ ਪੀੜ੍ਹਤ ਮੁਲਾਜਮਾਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ।ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਝੂਠੇ ਲਾਰਿਆਂ ਵਾਲੀ ਸਾਬਤ ਹੋਈ।
ਸਰਕਾਰਾਂ ਦੀ ਕਾਰਜ ਸੈਲੀ ਤੋਂ ਦੁੱਖੀ ਮੁਲਾਜ਼ਮਾਂ ਨੇ ਜ਼ਿਲ੍ਹੇ ਅੰਦਰ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ,ਜਿਸ ਵਿੱਚ ਲਿਖਿਆ ਗਿਆ ਹੈ ਕਿ "ਮੈਂ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮ ਹਾਂ,ਮੇਰੇ ਘਰ ਉਹੀ ਵੋਟ ਮੰਗਣ ਆਵੇ ਜਿਹੜਾ ਮੇਰੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੋਵੇ।" ਇਹ ਪੋਸਟਰ ਮੁਲਾਜ਼ਮਾਂ ਵਲੋਂ ਆਪਣੇ ਘਰਾਂ ਦੇ ਬਾਹਰ ਗੇਟ ਉੱਤੇ ਚਪਕਾਏ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਹੀ ਪਾਰਟੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝਾਂਸਾ ਦੇ ਕੇ ਮੁਲਾਜ਼ਮ ਵਰਗ ਦੀਆਂ ਵੋਟਾਂ ਵਟੋਰਦੀਆਂ ਆ ਰਹੀਆਂ ਹਨ । ਪਰ ਮੁਲਾਜ਼ਮਾਂ ਨੂੰ ਸਿਆਸੀ ਟਿੱਚਰਾਂ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋਇਆ ਹੈ।
ਸਰਕਾਰਾਂ ਬਿਲਕੁਲ ਚੁੱਪ ਹਨ । ਮੁਲਾਜ਼ਮ ਖਾਲੀ ਹੱਥ ਰਿਟਾਇਰ ਹੋ ਰਹੇ ਹਨ । ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਿਰਫ ਤੇ ਸਿਰਫ ਲਾਰੇ ਤੇ ਫੋਕੇ ਨੋਟੀਫਿਕੇਸ਼ਨ ਹੀ ਮਿਲੇ ਹਨ । ਦੂਜੇ ਪਾਸੇ ਕੇਂਦਰ ਸਰਕਾਰ ਵੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਨੂੰ ਪਾਪ ਕਹਿ ਰਹੀ ਹੈ। ਕੇਂਦਰ ਦੀ ਸਰਕਾਰ ਨਾ ਹੀ ਆਪ ਮੁਲਾਜ਼ਮਾਂ ਬਾਰੇ ਕੁਝ ਕਰ ਰਹੀ ਸਗੋਂ ਉਲਟਾਂ ਸਟੇਟ ਸਰਕਾਰਾਂ ਨੂੰ ਪੈਨਸ਼ਨ ਦੇਣ ਤੋ ਰੋਕਣ ਦਾ ਕੰਮ ਕਰ ਰਹੀ ਹੈ। ਅਜਿਹਾ ਵਰਤਾਰਾ ਸਹਿਣਯੋਗ ਨਹੀਂ ਹੈ। ਜਿਸ ਨੂੰ ਲ਼ੈ ਕੇ ਮੁਲਾਜ਼ਮਾਂ ਨੇ ਪੋਸਟਰ ਵੰਡ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਆਪਣੇ ਘਰਾਂ ਅੱਗੇ ਪੋਸਟਰ ਲਗਾ ਕੇ ਵੋਟਾਂ ਮੰਗਣ ਆਏ ਉਮੀਦਵਾਰਾਂ ਨੂੰ ਤਿੱਖੇ ਸਵਾਲਾਂ ਨਾਲ ਘੇਰਨ ਦਾ ਫੈਸਲਾ ਕੀਤਾ ਹੈ। ਅਜਿਹਾ ਕਰਕੇ ਮੁਲਾਜ਼ਮ ਆਪਣੀ ਹੱਕੀ ਤੇ ਜਾਇਜ਼ ਮੰਗ ਨੂੰ ਪਾਰਟੀ ਨੁਮਾਇੰਦਿਆਂ ਸਾਹਮਣੇ ਪ੍ਰਦਰਸ਼ਿਤ ਕਰਨਗੇ । ਉਨ੍ਹਾਂ ਇਸ ਮੌਕੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਘਰ ਦੇ ਗੇਟ ਉੱਤੇ ਇਹ ਪੋਸਟਰ ਜ਼ਰੂਰ ਲਗਾਉਣ ਅਤੇ ਘਰ ਆਏ ਰਾਜਨੇਤਾ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨ ਸੰਬੰਧੀ ਪ੍ਰਸ਼ਨ ਵੀ ਕਰਨ। ਇਸ ਮੌਕੇ ਉਨ੍ਹਾਂ ਦੇ ਸੰਦੀਪ ਕੁਮਾਰੀ, ਮੀਨਾਕਸ਼ੀ, ਭਾਵਨਾ ਅਤੇ ਹੋਰ ਵੀ ਮੁਲਾਜ਼ਮ ਆਗੂ ਹਾਜਰ ਸਨ।