ਲੋਕ ਸਭਾ ਚੋਣਾਂ ਪ੍ਰਤੀ ਗ੍ਰੀਨ ਇਲੈਕਸ਼ਨ ਮਿਸ਼ਨ ਤਹਿਤ ਪੌਦੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਜਾਗਰੂਕ ਕੀਤਾ
ਰੂਪਨਗਰ, 16 ਮਈ 2024: ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਨਰਲ ਅਬਜਰਵਰ ਡਾ. ਹੀਰਾ ਲਾਲ ਦੇ ਆਦੇਸ਼ਾਂ ਅਨੁਸਾਰ ਰੂਪਨਗਰ ਸਵੀਪ ਟੀਮ ਵਲੋਂ ਸਥਾਨਕ ਸਕੂਲ ਆਫ ਐਮੀਨੈਂਸ ਰੂਪਨਗਰ ਵਿਖੇ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ ਪ੍ਰਤੀ ਗ੍ਰੀਨ ਇਲੈਕਸ਼ਨ ਮਿਸ਼ਨ ਤਹਿਤ ਪੌਦੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਨਾਇਬ ਤਹਿਸੀਲਦਾਰ ਰਾਜਬੀਰ ਸਿੰਘ, ਆਈ. ਟੀ. ਬੀ. ਪੀ. ਅਸਿਸਟੈਂਟ ਕਮਾਂਡੈਂਟ ਦਵਿੰਦਰ ਕੁਮਾਰ ਅਤੇ ਪ੍ਰਿੰਸੀਪਲ ਜਸਵਿੰਦਰ ਕੌਰ ਵੱਲੋਂ ਸਕੂਲ ਕੈਂਪਸ ਵਿੱਚ ਪੌਦੇ ਲਗਾ ਕੇ ਗਰੀਨ ਇਲੈਕਸ਼ਨ ਦੀ ਧਾਰਨਾ ਨੂੰ ਮਜਬੂਤ ਕੀਤਾ। ਉਨ੍ਹਾਂ ਇਸ ਮੁਹਿੰਮ ਨਾਲ਼ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਸਾਡੀ ਸਾਰਿਆਂ ਦੀ ਪਹਿਲ ਹੋਣੀ ਚਾਹੀਦੀ ਹੈ ਅਤੇ ਪਲਾਸਟਿਕ ਮੁਕਤ ਸਮਾਜ ਸਿਰਜਣ ਲਈ ਸਾਨੂੰ ਉਚੇਚੇ ਜਤਨ ਕਰਨੇ ਚਾਹੀਦੇ ਹਨ।
ਅਸਿਸਟੈਂਟ ਨੋਡਲ ਅਫਸਰ ਵਰਿੰਦਰ ਸਿੰਘ ਅਤੇ ਪੁਨੀਤ ਸਿੰਘ ਲਾਲੀ ਵੱਲੋਂ ਵਿਦਿਆਰਥੀਆਂ ਨੂੰ ਇਕ ਜੂਨ ਨੂੰ ਪਰਿਵਾਰ ਸਮੇਤ ਆਪਣੇ ਮਨ ਪਸੰਦ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵਰਚੁਅਲ ਰੈਲੀ, ਆਨਲਾਈਨ ਮੀਟਿੰਗਾਂ ਅਤੇ ਡਿਜੀਟਲ ਮੁਹਿੰਮਾਂ ਦਾ ਸਮਰਥਨ, ਪਬਲਿਕ ਟਰਾਂਸਪੋਰਟ ਦੀ ਵਰਤੋਂ, ਕਾਰ ਪੂਲਿੰਗ ਅਤੇ ਚੋਣ ਮੁਹਿੰਮ ਵਿੱਚ ਰੀਸਾਈਕਲੇਬਲ ਸਮੱਗਰੀ ਨਾਲ ਪ੍ਰਚਾਰ ਕਰਨ ਲਈ ਅਪੀਲ ਕੀਤੀ ਤਾਂ ਜੋ ਚੋਣਾਂ ਦੌਰਾਨ ਪ੍ਰਦੂਸ਼ਣ ਘੱਟ ਹੋ ਸਕੇ।
ਨਾਈਬ ਤਹਿਸੀਲਦਾਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਕਤ ਕੰਮ ਕਰਕੇ ਹੀ ਗਰੀਨ ਇਲੈਕਸ਼ਨ ਦੀ ਮੁਹਿੰਮ ਨੂੰ ਬੂਰ ਪੈ ਸਕਦਾ ਹੈ। ਇਸ ਸਮੇਂ ਆਈ.ਟੀ. ਬੀ.ਪੀ. ਦੇ ਜਵਾਨ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।