ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕ ਕੌਮਾਂਤਰੀ ਸਾਇੰਸ ਕੌਂਸਲ ਦੇ ਸਲਾਹਕਾਰ ਚੁਣੇ
ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2023: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਬੌਟਨੀ ਵਿਭਾਗ ਦੇ ਮੁਖੀ ਪ੍ਰੋਫੈਸਰ ਫੇਲਿਕਸ ਬਾਸਤ ਨੂੰ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਇੱਕ ਪ੍ਰਮੁੱਖ ਥਿੰਕ ਟੈਂਕ ਇੰਟਰਨੈਸ਼ਨਲ ਸਾਇੰਸ ਕੌਂਸਲ (ਆਈ.ਐਸ.ਸੀ.) ਦੀ ਏਸ਼ੀਆ-ਪ੍ਰਸ਼ਾਂਤ ਸਲਾਹਕਾਰ ਕੌਂਸਲ ਲਈ ਚੁਣਿਆ ਗਿਆ ਹੈ। ਇਸ ਸਲਾਹਕਾਰ ਕੌਂਸਲ ਦੀ ਚੋਣ 6 ਅਕਤੂਬਰ 2023 ਨੂੰ ਕੁਆਲਾਲੰਪੁਰ, ਮਲੇਸ਼ੀਆ ਵਿੱਚ ਹੋਈ ਆਈਐਸਸੀ ਮੀਟਿੰਗ ਦੌਰਾਨ ਕੀਤੀ ਗਈ ਸੀ।
ਆਈਐਸਸੀ ਦੁਆਰਾ ਨਿਯੁਕਤ ਕੀਤੀ ਗਈ ਛੇ-ਮੈਂਬਰੀ ਉੱਚ ਪ੍ਰੋਫਾਈਲ ਸਲਾਹਕਾਰ ਕੌਂਸਲ ਵਿਚ ਪ੍ਰੋਫ਼ੈਸਰ ਫੇਲਿਕਸ ਬਾਸਤ ਇਕਲੌਤੇ ਭਾਰਤੀ ਹਨ ਜਿਹਨਾਂ ਨੂੰ ਏਸ਼ੀਆ ਅਤੇ ਪ੍ਰਸ਼ਾਂਤ ਲਈ ਨਵੇਂ ਸਥਾਪਿਤ ਅੰਤਰਰਾਸ਼ਟਰੀ ਵਿਗਿਆਨ ਪ੍ਰੀਸ਼ਦ ਖੇਤਰੀ ਫੋਕਲ ਪੁਆਇੰਟ (ਆਈਐਸਸੀ ਆਰਪੀਐੱਫ- ਏਪੀ) ਲਈ ਤਰਜੀਹੀ ਪ੍ਰੋਗਰਾਮਾਂ ਬਾਰੇ ਮਾਰਗਦਰਸ਼ਨ ਅਤੇ ਸਲਾਹ ਪ੍ਰਦਾਨ ਕਰਨ ਲਈ ਚੁਣਿਆ ਗਿਆ ਹੈ।
ਆਈਐਸਸੀ ਆਰਪੀਐੱਫ-ਏਪੀ ਦੀ ਸਲਾਹਕਾਰ ਕੌਂਸਲ ਦੇ ਹੋਰ ਪੰਜ ਨਵੇਂ ਚੁਣੇ ਗਏ ਮੈਂਬਰਾਂ ਵਿੱਚ ਯੂਨੀਵਰਸਿਟੀ ਆਫ ਦ ਸਾਊਥ ਪੈਸੀਫਿਕ, ਫਿਜੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਪਾਲ ਆਹਲੂਵਾਲੀਆ; ਫਿਲੀਪੀਨਜ਼ ਦੀ ਨੈਸ਼ਨਲ ਰਿਸਰਚ ਕੌਂਸਲ ਤੋਂ ਪ੍ਰੋ. ਗਿਸੇਲਾ ਕਨਸੇਪਸੀਓਨ; ਚਾਈਨੀਜ਼ ਅਕੈਡਮੀ ਆਫ਼ ਸਾਇੰਸਜ਼ ਤੋਂ ਪ੍ਰੋਫੈਸਰ ਜੀਆ ਜ਼ੇਨਸੂਓ; ਪ੍ਰੋਫੈਸਰ ਯੂਕੀਓ ਹਿਮੇਯਾਮਾ, ਜਪਾਨ ਤੋਂ ਅੰਤਰਰਾਸ਼ਟਰੀ ਭੂਗੋਲਿਕ ਯੂਨੀਅਨ ਦੇ ਸਾਬਕਾ ਪ੍ਰਧਾਨ; ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ ਪ੍ਰੋ. ਕੈਥਰੀਨ ਰੌਬਿਨਸਨ ਦੇ ਨਾਂ ਸ਼ਾਮਲ ਹਨ।
ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪ੍ਰੋਫ਼ੈਸਰ ਫ਼ੇਲਿਕਸ ਬਾਸਤ ਨੂੰ ਇਸ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਾਪਤੀ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਲਈ ਅਜਿਹੇ ਵੱਕਾਰੀ ਅੰਤਰਰਾਸ਼ਟਰੀ ਵਿਗਿਆਨਕ ਥਿੰਕ-ਟੈਂਕ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਪ੍ਰੋਫੈਸਰ ਬਾਸਤ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਭਾਰਤੀ ਵਿਗਿਆਨ ਦਾ ਪ੍ਰਦਰਸ਼ਨ ਕਰਨ ਅਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਿਗਿਆਨ ਅਧਾਰਤ ਚੰਗੇ ਸ਼ਾਸਨ ਮਾਡਲ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗਾ।