ਯੂਨੀਵਰਸਿਟੀ ਕਾਲਜ ਜੈਤੋ ਦਾ ਐਮ. ਏ. ਪੰਜਾਬੀ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
- ਲਵਪ੍ਰੀਤ ਕੌਰ ਨੇ 92 ਫ਼ੀਸਦੀ ਅੰਕਾਂ ਲੈ ਕੇ ਇਤਿਹਾਸ ਸਿਰਜਿਆ : ਡਾ ਤੱਗੜ
ਦੀਪਕ ਗਰਗ
ਕੋਟਕਪੂਰਾ, 10 ਫ਼ਰਵਰੀ 2024 :- ਯੂਨੀਵਰਸਿਟੀ ਕਾਲਜ ਜੈਤੋ ’ਚ ਚੱਲ ਰਹੇ ਪੋਸਟ ਗ੍ਰੈਜੂਏਟ ਕੋਰਸ ਐਮ. ਏ. ਪੰਜਾਬੀ ਸਮੈਸਟਰ ਦੂਜਾ ਮਈ 2023 ਦਾ ਨਤੀਜਾ ਹਾਲ ਹੀ ’ਚ ਘੋਸ਼ਿਤ ਹੋਇਆ ਹੈ। ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਤੀਜੇ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਪੇਂਡੂ ਕਿਰਤੀ ਪਰਵਾਰ ਨਾਲ ਸਬੰਧਤ ਲਵਪ੍ਰੀਤ ਕੌਰ ਨੇ 92 ਫ਼ੀਸਦੀ ਅੰਕ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ। ਲਵਪ੍ਰੀਤ ਕੌਰ ਆਪਣੀ ਐਮ. ਏ. ਪੰਜਾਬੀ ਦੀ ਰੈਗੂਲਰ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਰੈਮੀਡੀਅਲ ਟੀਚਿੰਗ ਵਜੋਂ ਸੇਵਾਵਾਂ ਦੇ ਕੇ ਆਪਣੀ ਪੜ੍ਹਾਈ ਦਾ ਖ਼ਰਚ ਕੱਢਣ ਅਤੇ ਆਪਣੇ ਮਾਪਿਆਂ ਦੀ ਕਿਰਤ ਕਮਾਈ ਵਿਚ ਹਿੱਸਾ ਪਾਉਣ ਵਾਲੀ ਹੋਣਹਾਰ ਵਿਦਿਆਰਥਣ ਹੈ, 88 ਫ਼ੀਸਦੀ ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿਣ ਵਾਲਾ ਰਵਿੰਦਰ ਸਿੰਘ ਸੇਵੇਵਾਲਾ ਪੇਂਡੂ ਕਿਰਤੀ ਪਰਵਾਰ ਨਾਲ ਹੀ ਸਬੰਧਤ ਇਕ ਹੋਣਹਾਰ ਵਿਦਿਆਰਥੀ ਹੋਣ ਦੇ ਨਾਲ-ਨਾਲ ਇਕ ਚੰਗਾ ਵਕਤਾ ਤੇ ਵਿਦਿਆਰਥੀ ਆਗੂ ਵੀ ਹੈ ਜੋ ਸਮਾਜਕ ਚੇਤਨਾ ਦੇ ਸੰਘਰਸ਼ਾਂ ਵਿਚ ਅਗਾਂਹਵਧੂ ਰੋਲ ਅਦਾ ਕਰਨ ਵਾਲਾ ਵਿਦਿਆਰਥੀ ਹੈ, 84 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿਣ ਵਾਲੀ ਮਨਪ੍ਰੀਤ ਕੌਰ ਪੇਂਡੂ ਕਿਸਾਨੀ ਪਰਵਾਰ ਨਾਲ ਸਬੰਧਤ ਹੈ ਅਤੇ ਆਪਣੇ ਗ੍ਰਹਿਸਥੀ ਜੀਵਨ ਤੇ ਪੜ੍ਹਾਈ ’ਚ ਸਮਤੋਲ ਬਣਾ ਕੇ ਅੱਗੇ ਵਧਣ ਵਾਲੀ ਹੋਣਹਾਰ ਵਿਦਿਆਰਥਣ ਹੈ। ਵਰਨਣਯੋਗ ਹੈ ਕਿ ਐਮ. ਏ. ਪੰਜਾਬੀ ਸਮੈਸਟਰ ਦੂਜਾ ਦੇ ਇਸ ਨਤੀਜੇ ਵਿਚ ਸੱਤ ਵਿਦਿਆਰਥੀ ਹਾਈ ਫ਼ਸਟ ਡਿਵੀਜ਼ਨ ਵਿਚ ਪਾਸ ਹੋਏ ਹਨ। ਕਾਲਜ ਦੇ ਪਿ੍ਰਸੀਪਲ-ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਨੇ ਇੰਨ੍ਹਾਂ ਵਿਦਿਆਰਥੀਆਂ ਦੇ ਨਾਲ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਅਤੇ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ, ਡਾ. ਗੁਰਬਿੰਦਰ ਕੌਰ ਬਰਾੜ, ਪ੍ਰੋ. ਜਗਸੀਰ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਜਸਵਿੰਦਰ ਕੌਰ ਅਤੇ ਡਾ. ਹਲਵਿੰਦਰ ਸਿੰਘ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਹੈ।