ਡਾ. ਜੇ ਪੀ ਸਿੰਘ ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਬਣੇ
ਲੁਧਿਆਣਾ , 4 ਮਾਰਚ
ਬੀਤੇ ਦਿਨੀਂ ਡਾ. ਜੇ ਪੀ ਸਿੰਘ ਨੂੰ ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਡਾ. ਸਿੰਘ ਨੇ ਖੇਤੀ ਇੰਜਨੀਅਰਿੰਗ ਵਿਚ ਆਪਣੀ ਬੀ ਟੈੱਕ ਦੀ ਪੜਾਈ ਇਲਾਹਾਬਾਦ ਖੇਤੀ ਸੰਸਥਾਨ, ਇਲਾਹਾਬਾਦ ਉੱਤਰ ਪ੍ਰਦੇਸ਼ ਤੋਂ ਕੀਤੀ| ਐੱਮ ਟੈੱਕ ਅਤੇ ਪੀ ਐੱਚ ਡੀ ਉਹਨਾਂ ਨੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ, ਪੀ.ਏ.ਯੂ. ਲੁਧਿਆਣਾ ਤੋਂ ਸੰਪੂਰਨ ਕੀਤੀ| ਪੀ ਐੱਚ ਡੀ ਦੌਰਾਨ ਉਹਨਾਂ ਨੂੰ ਆਈ ਸੀ ਏ ਆਰ ਵੱਲੋਂ ਜਵਾਹਰ ਲਾਲ ਨਹਿਰੂ ਐਵਾਰਡ ਨਾਲ ਸਨਮਾਨਿਆ ਗਿਆ| ਇਸ ਤੋਂ ਇਲਾਵਾ ਖੇਤੀ ਵਿਚ ਨਵੀਨ ਵਿਕਾਸ ਦੀ ਸੁਸਾਇਟੀ ਨੇ ਨੌਜਵਾਨ ਵਿਗਿਆਨੀ ਐਵਾਰਡ ਅਤੇ ਕੁੰਵਰ ਸਕਸੈਨਾ ਬਹਾਦੁਰ ਐਵਾਰਡ ਨਾਲ ਸਨਮਾਨਿਤ ਕੀਤਾ| ਹਾਈਟੈੱਕ ਹਾਰਟੀਕਲਚਰਲ ਸੁਸਾਇਟੀ ਨੇ ਉਹਨਾਂ ਨੂੰ ਫੈਲੋਸ਼ਿਪ ਦਿੱਤੀ ਅਤੇ ਇਸ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਨੇ ਗਾਹੇ-ਵਗਾਹੇ ਡਾ. ਜੇ ਪੀ ਸਿੰਘ ਦੇ ਕੰਮ ਨੂੰ ਮਾਣਤਾ ਦਿੱਤੀ| ਉਹਨਾਂ ਨੇ ਅੱਠ ਯੂ ਜੀ ਅਤੇ ਅੱਠ ਪੀ ਜੀ ਕੋਰਸਾਂ ਦਾ ਅਧਿਆਪਨ ਕੀਤਾ| ਤਿੰਨ ਪੀ ਐੱਚ ਡੀ ਅਤੇ 13 ਐੱਮ ਟੈੱਕ ਵਿਦਿਆਰਥੀਆਂ ਦੀ ਅਗਵਾਈ ਨਿਗਰਾਨ ਦੇ ਤੌਰ ਤੇ ਕੀਤੀ|
ਉਹ ਵੱਖ-ਵੱਖ ਇਮਦਾਦੀ ਸੰਸਥਾਵਾਂ ਵੱਲੋਂ ਸਹਾਇਤਾ ਪ੍ਰਾਪਤ ਪੋ੍ਰਜੈਕਟਾਂ ਦੇ ਨਿਗਰਾਨ ਰਹੇ ਜਿਨ•ਾਂ ਨਾਲ ਉਹਨਾਂ ਨੇ ਖੇਤੀ ਵਿਚ ਨਵੀਆਂ ਤਕਨੀਕੀ ਵਿਧੀਆਂ ਨੂੰ ਲਾਗੂ ਕਰਨ ਲਈ ਖੋਜ ਕਾਰਜ ਕੀਤਾ| ਪੰਜਾਬ ਸਰਕਾਰ ਦੇ ਡਰੇਨਏਜ਼ ਡਵੀਜ਼ਨ ਦੇ ਤਕਨੀਕੀ ਸਲਾਹਕਾਰ ਹੁੰਦਿਆਂ ਉਹਨਾਂ ਨੇ ਦੱਖਣ-ਪੱਛਮੀ ਪੰਜਾਬ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਵਿਸ਼ੇਸ਼ ਕਾਰਜ ਕੀਤੇ| 70 ਤੋਂ ਵਧੇਰੇ ਖੋਜ ਕਾਰਜ ਉਹਨਾਂ ਦੇ ਨਾਂ ਹੇਠ ਕੌਮੀ ਅਤੇ ਕੌਮਾਂਤਰੀ ਰਸਾਲਿਆਂ ਵਿਚ ਛਪੇ| ਉਹਨਾਂ ਨੇ 30 ਸੈਮੀਨਾਰਾਂ ਅਤੇ ਕਾਨਫਰੰਸਾਂ ਵਿਚ ਆਪਣੇ ਖੋਜ ਪੱਤਰ ਪੇਸ਼ ਕੀਤੇ| ਉਹਨਾਂ ਵੱਲੋਂ ਵਿਕਸਿਤ ਕੀਤੀ ਗਈ ਨਹਿਰੀ ਪਾਣੀ ਦੀ ਫਿਲਟਰ ਦੀ ਤਕਨੀਕ ਨੂੰ ਪੇਂਟੇਟ ਮਿਲਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਡਾ. ਜੇ ਪੀ ਸਿੰਘ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਤੇ ਵਧਾਈ ਦਿੱਤੀ|