ਸਿਹਤ ਵਿਭਾਗ ਨੇ ਗਰਮੀ ਤੋਂ ਬਚਣ ਲਈ ਜਾਰੀ ਕੀਤੀ ਐਡਵਾਈਜ਼ਰੀ
ਲੂ ਤੋਂ ਬਚਾਓ ਲਈ ਅਪਣਾਓ ਇਹ ਤਰੀਕੇ
ਰੋਹਿਤ ਗੁਪਤਾ
ਗੁਰਦਾਸਪੁਰ ,18 ਅਪ੍ਰੈਲ 2024 : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਗਰਮੀਆਂ ਦੀ ਰੁੱਤ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਚ ਹੋਰ ਵਾਧਾ ਹੋਵੇਗਾ |
ਉਹਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ| ਗਰਮੀ ਤੋਂ ਬਚਣ ਲਈ ਦੁਪਹਿਰ 12 ਤੋਂ 3 ਵਜੇ ਤਕ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋ ਸਕੇ| ਗਰਮੀ ਦੇ ਮੌਸਮ ਵਿੱਚ ਬਾਹਰ ਘੁੰਮਣ ਵੇਲੇ ਪਾਣੀ ਦੀ ਬੋਤਲ ਨਾਲ ਰੱਖਣੀ ਚਾਹੀਦੀ ਹੈ| ਤੇਜ਼ ਧੁੱਪ ਤੋਂ ਬਚਾਓ ਲਈ ਛਤਰੀ ਜਾਂ ਸੂਤੀ ਕੱਪੜੇ ਨਾਲ ਸਰੀਰ ਨੂੰ ਢੱਕਿਆ ਜਾਵੇ| ਆਪਣੇ ਭੋਜਨ ਵਿੱਚ ਤਰਲ ਪਦਾਰਥਾਂ ਦੀ ਮਾਤਰਾ ਵਧਾਈ ਜਾਵੇ| ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ|
ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਲੋੜੀਦੀਆਂ ਮਾਤਰਾ ਵਿੱਚ ਦਵਾਈਆਂ ਦੀ ਸਪਲਾਈ ਅਤੇ ਓ.ਆਰ.ਐਸ ਦੇ ਪੈਕਟ ਉਪਲਬਧ ਕਰਵਾ ਦਿੱਤੇ ਗਏ ਹਨ| ਲੂ ਲੱਗਣ ਦੀ ਸੂਰਤ ਵਿੱਚ ਨੇੜਲੇ ਸਿਹਤ ਕੇਂਦਰ ਵਿੱਚ ਜਾਕੇ ਇਲਾਜ ਕਰਵਾਉਣਾ ਚਾਹੀਦਾ ਹੈ| ਘਰੇਲੂ ਨੁਸਖਿਆਂ ਤੋ ਪਰਹੇਜ ਕਰਨਾ ਚਾਹੀਦਾ ਹੈ।