ਸਿਹਤ ਵਿਭਾਗ ਵੱਲੋਂ ਮਨਾਇਆ ਜਾਵੇਗਾ "ਵਿਸ਼ਵ ਟੀਕਾਕਰਨ ਹਫ਼ਤਾ" :- ਸਿਵਲ ਸਰਜਨ
ਸ਼ਹਿਰੀ ਸਲੱਮ ਏਰੀਏ ਵਿੱਚ ਲੈਫਟ ਆਊਟ ਬੱਚਿਆਂ ਵੱਲ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਵੇਗਾ-ਡੀ. ਆਈ. ਓ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ ,18 ਅਪ੍ਰੈਲ,2024, ਗਰਭਵਤੀ ਮਾਵਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਦਾ ਸੰਪੂਰਨ ਟੀਕਾਕਰਨ ਕਰਨਾ ਅਤੀ ਜਰੂਰੀ ਹੁੰਦਾ ਹੈ, ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਮਾਵਾਂ ਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ "ਵਿਸ਼ਵ ਟੀਕਾਕਰਨ ਹਫ਼ਤਾ" ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਨੇ ਦੱਸਿਆ ਕਿ ਐਕਸਪੈਂਡਿਡ ਪ੍ਰੋਗਰਾਮ ਆਨ ਇੰਮਨਾਈਜੇਸ਼ਨ ਦੇ 50 ਵਰ੍ਹੇ ਪੂਰੇ ਹੋਣ ਤੇ ਪੂਰੇ ਵਿਸ਼ਵ ਵਿਚ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹੇ ਭਰ ਵਿੱਚ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੀਵ ਬੈਂਸ ਦੀ ਨਿਗਰਾਨੀ ਹੇਠ ਤਿਆਰੀਆ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਹਨਾ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਪੈਂਦੇ ਖ਼ਾਸ ਤੌਰ ਤੇ ਸ਼ਹਿਰੀ ਅਤੇ ਪ੍ਰਵਾਸੀ ਵਸੋਂ ਵਾਲੇ ਹੋਰ ਇਲਾਕੇ ਜਿਵੇਂ ਸਲੱਮ ਏਰੀਆ, ਝੁੱਗੀਆਂ, ਝੋਪੜੀਆਂ, ਭੱਠਿਆਂ, ਪਥੇਰਾ ,ਗੁਜਰਾਂ ਦੇ ਡੇਰੇ ਤੇ ਹੋਰ ਅਪਾਹੁੰਚ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਅਤੇ ਜੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਆਊਟ ਰੀਚ ਕੈਂਪ ਲਗਾਏ ਜਾਣਗੇ। ਇਸ ਮੁਹਿੰਮ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਵਿੱਚ ਭਾਸ਼ਨ, ਚਾਰਟ ਮੇਕਿੰਗ ਮੁਕਾਬਲੇ, ਰੈਲੀਆਂ ਕਰਵਾਈਆਂ ਜਾਣਗੀਆਂ ਅਤੇ ਆਮ ਲੋਕਾਂ ਵਿੱਚ ਇਸ ਮੁਹਿੰਮ ਸੰਬੰਧੀ ਹੋਰ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਜੀਵ ਬੈਂਸ ਨੇ ਦੱਸਿਆ ਕਿ ਬੁੱਧਵਾਰ ਦਾ ਦਿਨ ਛੱਡ ਕੇ ਪੂਰਾ ਹਫਤਾ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਖ਼ਾਸ ਤੌਰ ਤੇ ਸ਼ਹਿਰੀ ਸਲੱਮ ਏਰੀਏ ਵਿੱਚ ਲੈਫਟ ਆਊਟ ਬੱਚਿਆਂ ਵੱਲ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਵੇਗਾ । ਪੈਰਾਮੈਡੀਕਲ ਸਟਾਫ ਵੱਲੋਂ ਫੀਲਡ ਵਿੱਚ ਹੈਡ ਕਾਂਊਂਟ ਕਰਨ ਲਈ ਸਰਵੇ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੀ ਹਰ ਰੋਜ਼ ਰਿਪੋਰਟ ਗੂਗਲ ਸੀਟ ਤੇ ਕਰਨੀ ਯਕੀਨੀ ਬਣਾਈ ਜਾਵੇਗੀ।