ਭਗਵਾਸੀ 'ਚ ਮਨਜ਼ੂਰੀ ਵਾਲੀ ਥਾਂ ਨੂੰ ਛੱਡ ਪੁਟਾਈ ਕਿਸੇ ਹੋਰ ਥਾਂ ਦੀ ਕੀਤੀ, ਪਿੰਡ ਵਾਸੀਆਂ ਨੇ ਮੋਹਾਲੀ ਨੂੰ ਕੀਤੀ ਸ਼ਿਕਾਇਤ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਅਪ੍ਰੈਲ 2024: ਨੇੜਲੇ ਪਿੰਡ ਭਗਵਾਸੀ ਵਿੱਚ ਮਾਈਨਿੰਗ ਦੀ ਮਨਜ਼ੂਰੀ ਕਿਸੇ ਹੋਰ ਜ਼ਮੀਨ ਦੀ ਹੈ ਅਤੇ ਮਾਈਨਿੰਗ ਹੋਰ ਜਮੀਨ ਚੋ ਕਰਨ ਦਾ ਦੋਸ਼ ਲਾਉਂਦਿਆਂ ਪਿੰਡ ਵਾਸੀਆਂ ਨੇ ਡੀਸੀ ਮੋਹਾਲੀ ਨੂੰ ਸ਼ਿਕਾਇਤ ਦੇ ਕੇ ਮਾਈਨਿੰਗ ਕਰਨ ਵਾਲਿਆ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਸਾਬਕਾ ਪੰਚ ਸੁਸ਼ੀਲ ਕੁਮਾਰ, ਰਾਮ ਮੂਰਤੀ, ਸਾਬਕਾ ਸਰਪੰਚ ਬੰਸੀ ਲਾਲ ਮਹਿਤਾ, ਵਿਜੇ ਕੁਮਾਰ ਤੇ ਸਤਪਾਲ ਆਦਿ ਪਿੰਡ ਵਾਸੀਆਂ ਨੇ ਪੱਤਰ ਰਾਹੀਂ ਦੋਸ਼ ਲਾਇਆ ਹੈ ਕਿ ਜਿਸ ਜ਼ਮੀਨ ਤੋਂ ਮਿੱਟੀ ਚੁੱਕਣ ਦੀ ਮਨਜ਼ੂਰੀ ਦਿੱਤੀ ਗਈ ਸੀ, ਉਸ ਜ਼ਮੀਨ ਨੂੰ ਛੱਡ ਕੇ 16 ਵਿੱਘੇ ਵਹਾਈਯੋਗ ਜ਼ਮੀਨ ’ਤੇ ਕਥਿਤ ਮਾਈਨਿੰਗ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੁਟਾਈ ਕਰਨ ਵਾਲਿਆਂ ਵੱਲੋਂ ਜ਼ਮੀਨ ਨੂੰ ਕਥਿਤ ਤੌਰ ਉੱਤੇ 8 ਤੋਂ 9 ਫੁੱਟ ਤੱਕ ਡੂੰਘਾ ਕਰ ਦਿੱਤਾ ਗਿਆ ਹੈ, ਜੋ ਮਾਈਨਿੰਗ ਦੇ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਜ਼ਮੀਨ ਹਰ ਸਾਲ ਪੰਚਾਇਤ ਵੱਲੋਂ ਠੇਕੇ ਉੱਤੇ ਦਿੱਤੀ ਜਾਂਦੀ ਸੀ ਪਰ ਹੁਣ 8-9 ਫੁੱਟ ਡੂੰਘੇ ਟੋਏ ਹੋਣ ਕਾਰਨ ਇਹ ਨਾ ਤਾਂ ਵਾਹੀਯੋਗ ਰਹੀ ਹੈ ਅਤੇ ਨਾ ਹੀ ਕਿਰਾਏ ਉੱਤੇ ਦੇਣ ਯੋਗ । ਇਸ ਕਾਰਨ ਗ੍ਰਾਮ ਪੰਚਾਇਤ ਨੂੰ ਸਾਲਾਨਾ ਆਮਦਨ ਦਾ ਨੁਕਸਾਨ ਵੱਖਰਾ ਹੋਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਮਾਈਨਿੰਗ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਦੋਸੀ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਬੀਡੀਪੀਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਪੰਚਾਇਤ ਅਫ਼ਸਰ ਮਨਦੀਪ ਸਿੰਘ ਦਰਦੀ ਨੂੰ ਮੌਕੇ ’ਤੇ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਭਗਵਾਸੀ ਵਿੱਚ ਪੰਚਾਇਤੀ ਜ਼ਮੀਨ ਵਿਚੋਂ ਕਾਨੂੰਨੀ ਮਾਈਨਿੰਗ ਹੋਈ ਹੈ ਪਰ ਇੱਕ ਵਿਅਕਤੀ ਵੱਲੋਂ ਨਿੱਜੀ ਜ਼ਮੀਨ ’ਤੇ ਮਾਈਨਿੰਗ ਕੀਤੀ ਗਈ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਵੀ ਕਿਹਾ ਹੈ। ਜਾਂਚ ਅਨੁਸਾਰ ਜੇਕਰ ਪੰਚਾਇਤੀ ਜ਼ਮੀਨ ਵਿੱਚ ਮਾਈਨਿੰਗ ਹੁੰਦੀ ਪਾਈ ਗਈ ਤਾਂ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਮਿਲੀ ਹੈ, ਜਿਸ ਦੇ ਸਬੰਧ ਵਿੱਚ ਜੇ.ਈ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮਾਈਨਿੰਗ ਹੋਈ ਹੈ, ਉਹ ਨਿਰਧਾਰਿਤ ਨਿਯਮਾਂ ਅਨੁਸਾਰ ਕੀਤੀ ਗਈ ਹੈ, ਪਰ ਜੇਕਰ ਪੰਚਾਇਤੀ ਜ਼ਮੀਨ ’ਤੇ ਗਲਤ ਮਾਈਨਿੰਗ ਹੋਈ ਹੈ ਤਾਂ ਉਸ ਸਬੰਧੀ ਉਨ੍ਹਾਂ ਪਿੰਡ ਵਾਸੀਆਂ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਤਾ ਚੱਲਦਾ ਹੈ ਕਿ ਗਲਤ ਜ਼ਮੀਨ ਤੋਂ ਮਾਈਨਿੰਗ ਕੀਤੀ ਗਈ ਹੈ ਤਾਂ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ।
ਪਿੰਡ ਭਗਵਾਸੀ ਵਿਖੇ ਹੋਈ ਮਾਈਨਿੰਗ ਵਿਖਾਉਂਦੇ ਹੋਏ ਪਿੰਡ ਵਾਸੀ।