ਸੇਖਵਾਂ ਦੀ ਅਕਾਲੀ ਲੀਡਰਸ਼ਿਪ ਤੋਂ ਕੀਤੀ ਬਗਾਵਤ ਦੀ ਬੀ. ਐਸ.ਗੁਰਾਇਆ ਨੇ ਕੀਤੀ ਸ਼ਲਾਘਾ
ਅੰਮ੍ਰਿਤਸਰ, 4 ਨਵੰਬਰ 2018 - ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਨੀ ਪ੍ਰਚਾਰਕ ਤੇ ਲਿਖਾਰੀ ਬੀ. ਐਸ.ਗੁਰਾਇਆ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਕਾਲੀ ਲੀਡਰਸ਼ਿਪ ਤੋਂ ਕੀਤੀ ਬਗਾਵਤ ਦੀ ਸ਼ਲਾਘਾ ਕੀਤੀ ਹੈ। ਉਨਾਂ ਕਿਹਾ ਕਿ ਸੇਖਵਾਂ ਤੇ ਗੁਰਬਾਣੀ ਦੀ ਤੁਕ, "ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥" ਪੂਰੀ ਢੁੱਕਦੀ ਹੈ।
ਉਨਾਂ ਕਿਹਾ ਕਿ ਨਸ਼ੇ ਦੀ ਤਸਕਰੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੌਦਾ ਸਾਧ ਨੂੰ ਮਾਫੀ, ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਨੂੰ ਨੀਵਾਂ ਦਿਖਾਉਣਾ, ਸ਼ਾਂਤਮਈ ਮੁਜਾਹਰਾਕਾਰੀਆਂ ਤੇ ਗੋਲੀ ਬਾਰੀ, ਕਰਤਾਰਪੁਰ ਸਾਹਿਬ ਦੇ ਲਾਂਘੇ ਆਦਿ ਮਸਲਿਆਂ ਤੇ ਜੋ ਅਜਕਲ ਅਕਾਲੀ ਦਲ ਦਾ ਸਟੈਂਡ ਰਿਹਾ ਹੈ ਉਹ ਸਾਬਤ ਕਰਦਾ ਹੈ ਕਿ ਦਲ ਹੁਣ ਸਿੱਖਾਂ ਦੀ ਨੁੰਮਾਇਦਾ ਪਾਰਟੀ ਨਹੀ ਰਹਿ ਗਿਆ।
ਅਕਾਲੀ ਲੀਡਰਾਂ ਤੇ ਵਰਕਰਾਂ ਦਾ ਇਸ ਤੇ ਚੁੱਪ ਰਹਿਣਾ ਨਹਾਇਤ ਦੁਖਦਾਈ ਹੈ। ਉਨਾਂ ਕਿਹਾ ਜੇ ਸੁਖਬੀਰ ਬਾਦਲ ਸਚਮੁੱਚ ਅਕਾਲੀ ਦਲ ਦੇ ਖੈਰਖੁਆਹ ਹਨ ਤਾਂ ਉਨਾਂ ਨੂੰ ਪਾਰਟੀ ਦੀ ਵਾਗਡੋਰ ਛੱਡ ਦੇਣੀ ਚਾਹੀਦੀ ਹੈ। ਸੁਖਬੀਰ ਤੇ ਹਰਸਿਮਰਤ ਬਾਦਲ ਨੇ ਅੱਜ 34 ਸਾਲ ਬਾਦ ਦਿੱਲੀ ਪਹੁੰਚ ਜੋ ਮੁਜਾਹਰਾ ਕੀਤਾ ਹੈ ਉਹ ਬਚਕਾਨਾ ਹਰਕਤ ਹੈ, ਕਿਉਕਿ ਦਿੱਲੀ ਵਿਚ ਸਰਕਾਰ ਉਨਾਂ ਦੀ ਪਾਰਟੀ ਦੀ ਹੈ। ਭਾਜਪਾ-ਅਕਾਲੀ ਸਰਕਾਰ ਨੇ ਕਿਓ ਨਾਂ ਅੱਜ ਤਕ ਦੋਸ਼ੀਆਂ ਨੂੰ ਅੰਦਰ ਕੀਤਾ? ਗੁਰਾਇਆ ਨੇ ਕਿਹਾ ਕਿ ਅੱਜ ਦੀ ਇਹ ਡਰਾਮੇਬਾਜੀ ਸੁਖਬੀਰ ਦਾ ਅਹੁਦਾ ਬਚਾ ਨਹੀ ਸਕੇਗੀ।