ਬਰਨਾਲਾ, 7 ਮਾਰਚ 2021 - ਸਰਕਾਰੀ ਅੱਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਾਪੇ ਅਧਿਆਪਕ ਮਿਲਣੀ ਲਈ ਸਕੂਲਾਂ ਵਿੱਚ ਪਹੁੰਚਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਉਹਨਾਂ ਦੇ ਬੱਚਿਆਂ ਦੀ ਪ੍ਰੀ ਬੋਰਡ ਪ੍ਰੀਖਿਆ ਕਾਰਗੁਜ਼ਾਰੀ ਸਾਂਝੀ ਕਰਦਿਆਂ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਵਿਚਾਰ ਵਟਾਂਦਰਾ ਕਰਨ ਦੇ ਨਾਲ ਨਾਲ ਮਾਪਿਆਂ ਅਤੇ ਸਮਾਜ ਦੀਆਂ ਹੋਰ ਮੋਹਤਬਰ ਸਖਸੀਅਤਾਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਵੀ ਲਾਜ਼ਮੀ ਤੌਰ 'ਤੇ ਜਾਣੂ ਕਰਵਾਇਆ ਜਾਵੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ ਨੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ 8 ਅਤੇ 9 ਮਾਰਚ ਨੂੰ ਹੋ ਰਹੀ ਮਾਪੇ ਅਧਿਆਪਕ ਮਿਲਣੀ ਸੰਬੰਧੀ ਜਿਲ੍ਹਾ ਬਰਨਾਲਾ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀਆਂ ਦੀ ਵਰਚੂਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਸਮਾਰਟ ਸਕੂਲਾਂ 'ਚ ਤਬਦੀਲ ਹੋਏ ਸਰਕਾਰੀ ਸਕੂਲਾਂ ਵਿੱਚ ਸਰਕਾਰ ਅਤੇ ਸਮਾਜ ਦੇ ਆਪਸੀ ਸਹਿਯੋਗ ਨਾਲ ਹਰ ਕਿਸਮ ਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।ਦਿੱਖ ਪੱਖੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਮੁਕਾਮੀ ਸਕੂਲਾਂ ਦੀਆਂ ਇਮਾਰਤਾਂ ਨੂੰ ਟੱਕਰ ਦੇਣ ਦੇ ਸਮਰੱਥ ਬਣੀਆਂ ਹਨ।
ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਲਈ ਸਕੂਲਾਂ ਵਿੱਚ ਪ੍ਰਾਜੈਕਟਰ, ਐਲ.ਸੀ.ਡੀਜ ਅਤੇ ਐਜੂਸੈਟ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।ਬਦਲਦੀਆਂ ਪੜ੍ਹਾਈ ਤਕਨੀਕਾਂ ਅਨੁਸਾਰ ਸਕੂਲਾਂ ਵਿੱਚ ਵਿੱਦਿਅਕ ਪਾਰਕਾਂ ਦੀ ਵਿਵਸਥਾ ਕੀਤੀ ਗਈ ਹੈ।ਸਿੱਖਿਆ ਸਕੱਤਰ ਨੇ ਕਿਹਾ ਕਿ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਪ੍ਰਤਿਭਾ ਜਰੂਰ ਹੁੰਦੀ ਹੈ ਬੱਸ ਜਰੂਰਤ ਉਸ ਨੂੰ ਤਲਾਸ਼ਣ ਅਤੇ ਤਰਾਸ਼ਣ ਦੀ ਹੈ।ਰੋਜ਼ਾਨਾ ਅੱਜ ਦਾ ਸ਼ਬਦ ਗਤੀਵਿਧੀ ਜਰੀਏ ਵਿਦਿਆਰਥੀਆਂ ਦਾ ਪੰਜਾਬੀ ਅਤੇ ਅੰਗਰੇਜ਼ੀ ਸ਼ਬਦ ਭੰਡਾਰ ਅਮੀਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਅੰਗਰੇਜ਼ੀ ਬੋਲਣ ਤੋਂ ਨਹੀਂ ਝਿਜਕਦੇ।
ਅੰਗਰੇਜ਼ੀ ਬੂਸਟਰ ਕਲੱਬ ਅਧੀਨ ਬਿਨਾਂ ਝਿਜਕ ਅੰਗਰੇਜ਼ੀ ਬੋਲਦੇ ਵਿਦਿਆਰਥੀਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚ ਰਹੀਆਂ ਹਨ।ਵਿਗਿਆਨ, ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਮੇਲਿਆਂ ਰਾਹੀਂ ਵਿਦਿਆਰਥੀ ਇਹਨਾਂ ਵਿਸ਼ਿਆਂ ਨੂੰ ਰੱਟੇ ਦੀ ਬਜਾਏ ਸਮਝ ਕੇ ਪੜ੍ਹਨ ਦੇ ਸਮਰੱਥ ਬਣੇ ਹਨ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਨਿਪੁੰਨਤਾ ਵਿੱਚ ਆਏ ਨਿਖਾਰ ਨੂੰ ਮਾਪਿਆਂ ਸਾਹਮਣੇ ਜਰੂਰ ਪ੍ਰਦਰਸ਼ਿਤ ਕੀਤਾ ਜਾਵੇ।ਸਰਕਾਰੀ ਸਕੂਲਾਂ 'ਚ ਉਪਲਬਧ ਸਹੂਲਤਾਂ ਦੀ ਜਾਣਕਾਰੀ ਵੀ ਮਾਪਿਆਂ ਨੂੰ ਦਿੱਤੀ ਜਾਵੇ।ਸਿੱਖਿਆ ਸਕੱਤਰ ਨੇ ਸਮੂਹ ਸਕੂਲ ਮੁਖੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਹਿੱਤ ਵਿਦਿਆਰਥੀਆਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ।
ਵਰਚੂਅਲ ਮੀਟਿੰਗ ਵਿੱਚ ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਸਮੇਤ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀ ਵੀ ਹਾਜ਼ਰ ਸਨ।ਸਿੱਖਿਆ ਸਕੱਤਰ ਨੇ ਮਾਪੇ ਅਧਿਆਪਕ ਮਿਲਣੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਮੀਟਿੰਗ ਵਿੱਚ ਹਾਜ਼ਰ ਮੁਖੀਆਂ ਤੋਂ ਵੀ ਸੁਝਾਅ ਲਏ।