ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ ਵਿਚ 'ਨਰੋਆ ਪੰਜਾਬ' ਸੰਸਥਾ ਵੱਲੋਂ 'ਪੜ੍ਹਦਾ ਪੰਜਾਬ' ਮੁਹਿੰਮ ਦੀ ਸ਼ੁਰੂਆਤ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 25 ਅਕਤੂਬਰ 2021-
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ ਸਮਾਜਸੇਵੀ ਸੰਸਥਾ ਨੇ ਅਨੋਖੀ ਪਹਿਲ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 100 ਵਲੰਟੀਅਰ ਟੀਚਰ ਦੇਣ ਦੀ ਸ਼ੁਰੂਆਤ ਕੀਤੀ ਹੈ । ਸ. ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ 'ਨਰੋਆ ਪੰਜਾਬ' ਨੇ 'ਪੜ੍ਹਦਾ ਪੰਜਾਬ' ਮੁਹਿੰਮ ਤਹਿਤ ਇਹ ਜ਼ਿੰਮੇਵਾਰੀ ਚੁੱਕੀ ਹੈ । ਸੰਸਥਾ ਦੇ ਇਸ ਕਦਮ ਨੇ ਨਾ ਸਿਰਫ਼ ਜ਼ਿਲ੍ਹੇ ਦੀ ਲੋਕਾਂ ਨੂੰ ਹੈਰਾਨ ਕੀਤਾ ਹੈ ਸਗੋਂ ਉਨ੍ਹਾਂ ਦੇ ਦਿਲ ਵੀ ਜਿੱਤ ਲਏ ਹਨ ।
ਅੱਜ ਇਸ ਸਬੰਧੀ ਬਾਰਾਂਦਰੀ ਗਾਰਡਨ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਬੋਲਦਿਆਂ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਦੱਸਿਆ ਕਿ ਜਦੋਂ ਉਹ ਨਵਾਂਸ਼ਹਿਰ ਦੇ ਦੋਆਬਾ ਸਿੱਖ ਨੈਸ਼ਨਲ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਦੋਂ ਦੇ ਮੁੱਖ ਅਧਿਆਪਕ ਤੇ ਨਵਾਂਸ਼ਹਿਰ ਵਿੱਚ ਸਿੱਖਿਆ ਦੇ ਖੇਤਰ ਦੀ ਵੱਡੀ ਸ਼ਖ਼ਸੀਅਤ ਸ. ਦਰਸ਼ਨ ਸਿੰਘ ਅਟਵਾਲ ਨੇ ਕਲਾਸ ਵਿੱਚ ਗੱਲ ਕੀਤੀ ਸੀ ਕਿ ਕੋਈ ਐੱਨ.ਆਰ.ਆਈ. ਪੜ੍ਹਾਈ ਲਈ ਕਿਸੇ ਬੱਚੇ ਨੂੰ ਅਪਨਾਉਣਾ ਚਾਹੁੰਦਾ ਹੈ । ਉਦੋਂ ਹੀ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਉਹ ਵੀ ਵੱਡਾ ਹੋ ਕੇ ਅਜਿਹਾ ਕੰਮ ਕਰਨਗੇ । “ਮੇਰਾ ਉਹ ਸੁਪਨਾ ਸਾਕਾਰ ਹੋਇਆ ਹੈ ਤੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ।”
ਉਨ੍ਹਾਂ ਦੱਸਿਆ ਕਿ ਭਾਵੇਂ ਅਸੀਂ ਲੰਮੇ ਸਮੇਂ ਤੋਂ ਆਪਣੀ ਸਮਰੱਥਾ ਮੁਤਾਬਕ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਪਰ ਹੁਣ ਅਸੀਂ ਲੋਕਾਂ ਦੇ ਸੁਝਾਅ ਮੁਤਾਬਕ ਯੋਜਨਾਬੱਧ ਤਰੀਕੇ ਨਾਲ ਕੁਝ ਕੰਮ ਕਰ ਰਹੇ ਹਾਂ । ਇਸ ਵਾਰ 'ਸਾਡੇ ਰੁੱਖ ਸਾਡਾ ਜੀਵਨ' ਮੁਹਿੰਮ ਤਹਿਤ ਅਸੀਂ ਪੂਰੇ ਜ਼ਿਲੇ 'ਚ ਪੱਚੀ ਹਜ਼ਾਰ ਦੇ ਕਰੀਬ ਪੌਦੇ ਵੰਡੇ ਹਨ। ਇਹ ਆਪਣੀ ਕਿਸਮ ਦਾ ਪਹਿਲਾ ਤਜਰਬਾ ਸੀ ਜਦੋਂ ਇੱਕ ਫੋਨ ਕਾਲ 'ਤੇ ਲੋਕਾਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਪਿੰਡਾਂ ਤਕ ਪੌਦੇ ਪਹੁੰਚਾਏ ਗਏ । ਮੌਸਮ ਮੁਤਾਬਕ ਇਹ ਮੁਹਿੰਮ ਹਮੇਸ਼ਾ ਚਲਦੀ ਰਹੇਗੀ । ਫਿਰ ਸਾਨੂੰ ਸੁਝਾਅ ਮਿਲਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਹੋਣੇ ਚਾਹੀਦੇ ਹਨ ਤਾਂ ਅਸੀਂ ਜਿੱਥੇ ਵੀ ਨੌਜਵਾਨਾਂ ਨੇ ਮੰਗ ਕੀਤੀ ਕੁਝ ਪਿੰਡਾਂ ਨੂੰ ਮਿਲਾ ਕੇ ਕਬੱਡੀ, ਹਾਕੀ, ਫੁੱਟਬਾਲ, ਵਾਲੀਬਾਲ ਤੇ ਕ੍ਰਿਕਟ ਆਦਿ ਦੇ ਮੈਚ ਕਰਵਾਏ ।
'ਪੜ੍ਹਦਾ ਪੰਜਾਬ' ਮੁਹਿੰਮ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਮੁੱਢਲੀ ਸਿੱਖਿਆ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਨਿੱਜੀ ਤੇ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰਨਾ ਹੈ । ਉਨ੍ਹਾਂ ਕਿਹਾ ਕਿ ਇਕ ਤਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ ਜਿਸ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ , ਦੂਜੇ ਕੁਝ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬਿਲਕੁਲ ਬੇਰੁਜ਼ਗਾਰ ਹਨ। ਇਸ ਲਈ ਸੰਸਥਾ ਵੱਲੋਂ ਫ਼ੈਸਲਾ ਲਿਆ ਹੈ ਕਿ ਅਸੀਂ ਆਪਣੇ ਇਲਾਕੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਆਪਣੇ ਕੋਲੋਂ ਮਾਣ ਭੱਤਾ ਦੀ ਕੇ ਵਲੰਟੀਅਰ ਟੀਚਰ ਨਿਯੁਕਤ ਕਰੀਏ ।
ਹਾਲਾਂਕਿ ਪਹਿਲਾਂ ਵੀ ਕਾਫੀ ਸਕੂਲਾਂ ਵਿੱਚ ਅਜਿਹੇ ਅਧਿਆਪਕ ਸੇਵਾ ਨਿਭਾਅ ਰਹੇ ਹਨ ਜਿਨ੍ਹਾਂ ਨੂੰ ਪੀਟੀਏ ਫੰਡ ਜਾਂ ਸਰਕਾਰੀ ਅਧਿਆਪਕਾਂ ਵੱਲੋਂ ਆਪਣੇ ਕੋਲੋਂ ਮਾਣ ਭੱਤਾ ਦਿੱਤਾ ਜਾਂਦਾ ਹੈ । ਪਰ ਅਸੀਂ ਇਹ ਮਾਣ ਭੱਤਾ ਆਪਣੀ ਸੰਸਥਾ ਵੱਲੋਂ ਦੇਵਾਂਗੇ । ਅੱਜ "ਪੜ੍ਹਦਾ ਪੰਜਾਬ" ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਦਿਨ 15 ਵਲੰਟੀਅਰ ਟੀਚਰਾਂ ਨੂੰ ਵੱਖ ਵੱਖ ਸਕੂਲਾਂ ਵਿਚ ਭੇਜਿਆ ਗਿਆ। ਆਉਣ ਵਾਲੇ ਕੁਝ ਦਿਨਾਂ ਵਿੱਚ ਜਿਵੇਂ ਹੀ ਸਕੂਲਾਂ ਤੋਂ ਅਧਿਆਪਕਾਂ ਦੀ ਮੰਗ ਅਤੇ ਵਲੰਟੀਅਰ ਟੀਚਰ ਵਜੋਂ ਕੰਮ ਕਰਨ ਦੇ ਇੱਛੁਕ ਨੌਜਵਾਨ ਆਉਣਗੇ ਉਨ੍ਹਾਂ ਨੂੰ ਵੀ ਨਿਯੁਕਤ ਕਰ ਦਿੱਤਾ ਜਾਵੇਗਾ ।
ਇਸ ਮੌਕੇ ਤੇ ਬੋਲਦਿਆਂ 'ਨਰੋਆ ਪੰਜਾਬ' ਦੇ ਅਹੁਦੇਦਾਰ ਸ੍ਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਸ. ਬਰਜਿੰਦਰ ਸਿੰਘ ਹੁਸੈਨਪੁਰ ਦੀ ਇਸ ਕੋਸ਼ਿਸ਼ ਨਾਲ ਨਾ ਸਿਰਫ ਬੱਚਿਆਂ ਦੀ ਸਿੱਖਿਆ ਵਿਚ ਮਦਦ ਹੋਵੇਗੀ ਸਗੋਂ ਕਈ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਰਥਿਕ ਮਦਦ ਵੀ ਮਿਲੇਗੀ । ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਕਦਮ ਪੂਰੇ ਦੇਸ਼ ਵਿਚ ਇਕ ਮਾਡਲ ਮੰਨਿਆ ਜਾਵੇਗਾ ।
ਇਸ ਮੌਕੇ ਸ੍ਰੀ ਸੰਨੀ ਸਿੰਘ ਜਾਫਰਪੁਰ ਨੇ ਕਿਹਾ ਕਿ ਜੇਕਰ ਸਾਰੇ ਦਾਨੀ ਸੱਜਣ ਅਤੇ ਐੱਨ ਆਰ ਆਈ ਸ ਬਰਜਿੰਦਰ ਸਿੰਘ ਹੁਸੈਨਪੁਰ ਵਾਂਗ ਕੋਸ਼ਿਸ਼ ਕਰਨ ਤਾਂ ਅਸੀਂ ਆਪਣੇ ਸੂਬੇ ਦੀ ਤਕਦੀਰ ਬਦਲ ਸਕਦੇ ਹਾਂ । ਇੱਥੇ ਹੋਰਨਾਂ ਤੋਂ ਇਲਾਵਾ ਸ੍ਰੀ ਹਰਪ੍ਰੀਤ ਸਿੰਘ,ਮੱਖਣ ਸਿੰਘ ਹੰਸਰੋਂ, ਸਰਬੀਤ ਸਿੰਘ ਉਸਮਾਨਪੁਰ, ਕਸ਼ਮੀਰ ਸਿੰਘ ਢਿੱਲੋਂ, ਗੰਗਵੀਰ ਅਤੇ 15 ਵਲੰਟੀਅਰ ਟੀਚਰ ਵੀ ਹਾਜ਼ਰ ਸਨ । ਇਨ੍ਹਾਂ ਵਲੰਟੀਅਰ ਟੀਚਰਾਂ ਨੇ ਸ. ਬਰਜਿੰਦਰ ਸਿੰਘ ਹੁਸੈਨਪੁਰ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਬੱਚਿਆਂ ਦੇ ਵਧੀਆ ਨਤੀਜਿਆਂ ਲਈ ਦਿਨ ਰਾਤ ਇਕ ਕਰਨਗੇ ।