ਚੰਡੀਗੜ੍ਹ 17 ਜਨਵਰੀ 2022: ਚੰਡੀਗੜ੍ਹ ਦੀ ਸ਼ਾਨ ਨੂੰ ਬਹਾਲ ਕਰਨ ਅਤੇ ਵਿਸ਼ਵਵਿਆਪੀ ਪੱਧਰ 'ਤੇ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕਰਨ 'ਚ ਯੋਗਦਾਨ ਪਾਵੇਗਾ 'ਚੰਡੀਗੜ੍ਹ ਵੈਲਫੇਅਰ ਟਰੱਸਟ'
ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਮੌਕਿਆਂ, ਸਹਿਣਸ਼ੀਲਤਾ ਅਤੇ ਸਮਾਜਿਕ ਨਿਆਂ ਨਾਲ ਭਰਪੂਰ ਭਵਿੱਖ ਬਣਾਉਣ ਦੇ ਮਿਸ਼ਨ ਨਾਲ ਅੱਜ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦਾ ਉਦਘਾਟਨ ਕੀਤਾ ਗਿਆ। ਚੰਡੀਗੜ੍ਹ ਵੈਲਫ਼ੇਅਰ ਟਰੱਸਟ ਆਪਣੇ ਆਪ 'ਚ ਪਹਿਲੀ ਤਰ੍ਹਾਂ ਦੀ ਸੰਸਥਾ ਹੋਵੇਗੀ, ਜੋ ਸ਼ਹਿਰ ਚੰਡੀਗੜ੍ਹ ਦੇ ਸਮੁੱਚੇ ਵਿਕਾਸ ਲਈ ਸਮਰਪਿਤ ਭਾਵਨਾ ਨਾਲ ਕੰਮ ਕਰੇਗੀ।ਵਿਸ਼ਵਵਿਆਪੀ ਪੱਧਰ 'ਤੇ ਲੋਕਾਂ ਦੇ ਰਹਿਣ ਲਈ ਚੰਗੇ ਸਮਾਜ ਦੀ ਸਿਰਜਣਾ ਲਈ ਸੰਯੁਕਤ ਰਾਸ਼ਟਰ ਵੱਲੋਂ 17 ਸਥਿਰ ਵਿਕਾਸ ਟੀਚੇ ਮਿੱਥੇ ਗਏ ਹਨ।ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵੱਲੋਂ 8 ਟੀਚਿਆਂ 'ਤੇ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਜਾਵੇਗਾ, ਜਿਸ 'ਚ ਸਿੱਖਿਆ, ਲਿੰਗ ਸਮਾਨਤਾ, ਚੰਗੀ ਸਿਹਤ ਅਤੇ ਤੰੰਦਰੁਸਤੀ, ਢੁੱਕਵੇਂ ਕੰਮ ਅਤੇ ਆਰਥਿਕ ਵਿਕਾਸ, ਸ਼ਾਂਤੀਪੂਰਨ ਨਿਆਂ ਪ੍ਰਣਾਲੀ ਅਤੇ ਮਜ਼ਬੂਤ ਸੰਸਥਾਵਾ, ਟੀਚਿਆਂ ਦੀ ਪ੍ਰਾਪਤੀ ਲਈ ਭਾਈਵਾਲੀ, ਗ਼ਰੀਬੀ ਅਤੇ ਜਲਵਾਯੂ ਸੁਧਾਰਾਂ ਵਰਗੇ ਅਹਿਮ ਟੀਚੇ ਸ਼ਾਮਲ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਟਰੱਸਟ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਵੱਲੋਂ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦਾ ਉਦਘਾਟਨ ਕਰਦਿਆਂ ਕੀਤਾ ਗਿਆ।ਇਸ ਮੌਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਪ੍ਰੈਜੀਡੈਂਟ ਡਾ. ਰਛਪਾਲ ਸਿੰਘ ਧਾਲੀਵਾਲ, ਟਰੱਸਟ ਦੀ ਗਵਰਨਿੰਗ ਬਾਡੀ ਦੇ ਮੈਂਬਰ ਸ਼੍ਰੀ ਸੁਨੀਲ ਕੁਮਾਰ ਅਤੇ ਟਰੱਸਟ ਦੀ ਗਵਰਨਿੰਗ ਬਾਡੀ ਦੇ ਮੈਂਬਰ ਸ਼੍ਰੀ ਰਾਮਪਾਲ ਧੀਮਾਨ ਉਦਘਾਟਨੀ ਸਮਾਰੋਹ ਦੌਰਾਨ ਉਚੇਚੇ ਤੌਰ 'ਤੇ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ, ਮਿਊਂਸੀਪਲ ਕਾਰਪੋਰੇਸ਼ਨਾਂ ਸਮੇਤ ਚੰਡੀਗੜ੍ਹ 'ਚ 127 ਤੋਂ ਵੱਧ ਐਨ.ਜੀ.ਓਜ਼ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਤੱਤਪਰ ਹਨ।ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦਾ ਉਦੇਸ਼ ਪ੍ਰਸ਼ਾਸਨ ਸਮੇਤ ਇਨ੍ਹਾਂ ਸਮੁੱਚੀਆਂ ਸੰਸਥਾਵਾਂ ਨੂੰ ਇੱਕ ਮੰਚ 'ਤੇ ਇੱਕਠਾ ਕਰਕੇ ਚੰਡਗੀੜ੍ਹ ਸ਼ਹਿਰ ਦੀ ਉਸਾਰੀ ਲਈ ਰਲ ਕੇ ਕਾਰਜ ਕਰਨਾ ਅਤੇ ਸਾਫ਼-ਸਫ਼ਾਈ, ਸਿੱਖਿਆ, ਕੌਮਾਤਰੀ ਰੈਕਿੰਗਾਂ ਅਤੇ ਸਿਹਤ ਸਮੇਤ ਹਰ ਪੱਖੋ ਸ਼ਹਿਰ ਨੂੰ ਮੋਹਰੀ ਬਣਾਉਣਾ ਹੈ। ਸ. ਸੰਧੂ ਨੇ ਦੱਸਿਆ ਕਿ ਟਰੱਸਟ ਦੇ ਮਾਧਿਅਮ ਰਾਹੀਂ ਨੌਜਵਾਨ ਪੀੜ੍ਹੀ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਵਾਇਆ ਜਾਵੇਗਾ, ਜਿੱਥੇ ਉਹ ਸ਼ਹਿਰ ਦੇ ਵਿਕਾਸ ਅਤੇ ਸਮਾਜ ਸੇਵਾ 'ਚ ਆਪਣਾ ਯੋਗਦਾਨ ਪਾਉਣਗੇੇ। ਉਨ੍ਹਾਂ ਕਿਹਾ ਕਿ ਸੁੰਦਰ ਸ਼ਹਿਰ ਦੇ ਨਾਮ 'ਤੇ ਸਾਡੇ ਵੱਲੋਂ 2001 'ਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੀ ਸਥਾਪਨਾ ਕੀਤੀ ਗਈ ਅਤੇ ਇੱਕ ਦਹਾਕੇ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਸਥਾਪਨਾ ਕੀਤੀ ਗਈ, ਜਿਨ੍ਹਾਂ ਨੇ ਨਾ ਕੇਵਲ ਭਾਰਤ ਬਲਕਿ ਦੂਜਿਆ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਈ।ਉਨ੍ਹਾਂ ਸੰਸਥਾ ਹੋਣ ਦੇ ਨਾਤੇ ਸਾਡੇ ਫਰਜ਼ ਬਣਦਾ ਹੈ ਕਿ ਦੇਸ਼ ਦੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਚੰਡੀਗੜ੍ਹ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕਰਨ 'ਚ ਬਣਦਾ ਯੋਗਦਾਨ ਪਾਇਆ ਜਾਵਗੇ।ਅਸੀਂ ਸਮਝਦੇ ਹਾਂ ਕਿ ਚੰਡੀਗੜ੍ਹ ਸ਼ਹਿਰ ਅਤੇ ਨਾਗਰਿਕਾਂ ਵੱਲੋਂ ਮਿਲੇ ਬੇਅੰਤ ਸਹਿਯੋਗ ਨੂੰ ਵਾਪਸ ਅਦਾ ਕਰਨ ਲਈ ਐਨ.ਜੀ.ਓ ਨਿਮਾਣਾ ਅਤੇ ਸੁਹਿਰਦ ਯਤਨ ਹੈ।
ਸ. ਸੰਧੂ ਨੇ ਦੱਸਿਆ ਕਿ ਟਰੱਸਟ ਦੇ ਮਾਧਿਅਮ ਰਾਹੀਂ ਸ਼ਹਿਰ ਦੇ ਵਿਕਾਸ 'ਚ ਲਗਾਤਾਰ ਯਤਨਸ਼ੀਲ ਸੰਸਥਾਵਾਂ ਨੂੰ ਟਰੱਸਟ ਵੱਲੋਂ ਲੋੜੀਂਦੀ ਫੰਡ, ਵਲੰਟੀਅਰ ਅਤੇ ਮੁਹਿੰਮਾਂ ਨੂੰ ਨੇਪਰੇ ਚਾੜ੍ਹਨ 'ਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਆਧੁਨਿਕ ਸ਼ਹਿਰ ਹੈ ਅਤੇ ਵਿਸ਼ਵ ਭਰ ਦੇ ਅਜਿਹੇ ਬਹੁਤ ਘੱਟ ਸ਼ਹਿਰਾਂ ਵਿਚੋਂ ਇੱਕ ਹੈ ਜੋ ਯਾਦਗਾਰੀ ਆਰਕੀਟੈਕਚਰ, ਸੱਭਿਆਚਾਰਕ ਵਿਕਾਸ ਅਤੇ ਆਧੁਨਿਕੀਕਰਨ ਦੇ ਸੁਮੇਲ ਨਾਲ ਉਭਰੇ ਹਨ।ਉਨ੍ਹਾਂ ਕਿਹਾ ਕਿ ਨਿਰਸੰਦੇਹ ਸਮੇਂ ਦੇ ਬੀਤਣ, ਨਾਲ ਅਤੇ ਵਧਦੀ ਆਬਾਦੀ ਅਤੇ ਸਬੰਧਿਤ ਸਰੋਤਾਂ ਵਿੱਚ ਖੜੋਤ ਨਾਲ ਚੀਜ਼ਾਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਐਨ.ਜੀ.ਓ ਇਸਦੀ ਸ਼ਾਨ ਨੂੰ ਬਹਾਲ ਕਰਨ ਅਤੇ ਅੱਗੇ ਵਧਾਉਣ ਲਈ ਸਮਰਪਿਤ ਹੋ ਕੇ ਕੰਮ ਕਰੇਗੀ। ਵਾਤਾਵਰਣ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਦੇ ਈਕੋਸਿਸਟਮ ਦਾ ਇੱਕ ਅਨਿੱਖੜਵਾਂ ਅੰਗ ਹੋਣ ਦੇ ਨਾਤੇ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦਾ ਉਦੇਸ਼ ਕੂੜਾ, ਪ੍ਰਬੰਧਨ, ਸ਼ਹਿਰ ਦੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੰਭਾਲ, ਹਰਿਆਵਾਲ ਅਤੇ ਸਥਾਈ ਊਰਜਾ ਸਰੋਤਾਂ ਪ੍ਰਤੀ ਪਹਿਲਕਦਮੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਟਰੱਸਟ ਨੇ ਅਜਿਹੇ ਦੋ ਪ੍ਰਾਜੈਕਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਇਨ੍ਹਾਂ 'ਤੇ ਕੰਮ ਸ਼ੁਰੂ ਵੀ ਹੋ ਚੁੱਕਾ ਹੈ।ਪਹਿਲਾ ਪ੍ਰਾਜੈਕਟ ਸਵੱਛ ਭਾਰਤ ਸੂਚਕਾਂਕ ਵਿੱਚ ਚੰਡੀਗੜ੍ਹ ਦੀ ਦਰਜਾਬੰਦੀ ਵਿੱਚ ਸੁਧਾਰ ਕਰਕੇ ਇਸਨੂੰ ਦੇਸ਼ ਦੇ ਸੱਭ ਤੋਂ ਸਾਫ਼-ਸੁਥਰੇ ਸ਼ਹਿਰ ਵਜੋਂ ਸਥਾਪਤ ਕਰਨ ਹੈ ਅਤੇ ਦੂਜਾ 'ਏਜ਼ ਆਫ਼ ਲਿਵਿੰਗ ਇੰਡੈਕਸ' ਵਿੱਚ ਚੰਡੀਗੜ੍ਹ ਦੀ ਸਥਿਤੀ 'ਚ ਸੁਧਾਰ ਕਰਨਾ ਹੈ।
ਸ. ਸੰਧੂ ਨੇ ਕਿਹਾ ਕਿ ਚੰਡੀਗੜ੍ਹ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ, ਰੀਤੀ-ਰਿਵਾਜਾਂ ਅਤੇ ਹਰ ਵਰਗ ਦੇ ਲੋਕਾਂ ਵਜੋਂ ਜਾਣਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ 86 ਫ਼ੀਸਦੀ ਸਾਜਰਤਾ ਦਰ ਅਤੇ 53 ਫ਼ੀਸਦੀ ਕੰਮਕਾਜੀ ਆਬਾਦੀ 'ਚ ਮੁੱਖ ਤੌਰ 'ਤੇ ਨੌਜਵਾਨ ਅਤੇ ਚੰਡੀਗੜ੍ਹ ਦੇ ਲੋਕ ਸ਼ਹਿਰ ਨੂੰ ਸੁੰਦਰ ਅਤੇ ਸੁਖਾਵਾਂ ਬਣਾਉਣ ਵਿੱਚ ਨਿਰਣਾਇਕ ਭੂਮਿਕਾ ਨਿਭਾਉਣਗੇ, ਜਿਸ ਨੂੰ ਵਿਸ਼ਵ ਦੇ ਨਕਸ਼ੇ 'ਤੇ ਪਛਾਣਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਵਿਦਿਅਕ ਅਤੇ ਲਿੰਗ ਸਮਾਨਤਾ, ਨੌਜਵਾਨਾਂ ਅਤੇ ਬਾਲੜੀਆਂ ਨੂੰ ਸਸ਼ਕਤ ਬਣਾਉਣ, ਮਨੁੱਖੀ ਅਧਿਕਾਰਾਂ, ਸ਼ਾਂਤੀ ਅਤੇ ਨਿਆਂ, ਕਲਾ ਅਤੇ ਸੱਭਿਆਚਾਰ ਦੀ ਪ੍ਰਫੁੱਲਿਤਾ, ਵਾਤਾਵਰਣ ਅਤੇ ਊਰਜਾ ਸੰਭਾਲ ਆਦਿ ਖੇਤਰਾਂ 'ਚ ਮੁੱਖ ਤੌਰ 'ਤੇ ਸਮਰਪਿਤ ਹੋ ਕੇ ਕਾਰਜ ਉਲੀਕੇ ਜਾਣਗੇ।