ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਅਧਿਆਪਕ ਤਨਦੇਹੀ ਨਾਲ ਵਿਦਿਆਰਥੀਆਂ ਦੀ ਮਿਹਨਤ ਕਰਵਾਉਣ - ਐਸ.ਪੀ.ਸਿੰਘ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ 24 ਜਨਵਰੀ ,2023 - ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸੁਰੂ ਕੀਤੇ ਮਿਸ਼ਨ ਸ਼ਤ-ਪ੍ਰਤੀਸਤ ਤਹਿਤ ਅੱਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਬਲਾਕ ਤਖਤਗੜ੍ਹ ਅਤੇ ਬਲਾਕ ਕੀਰਤਪੁਰ ਸਾਹਿਬ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ। ਸ.ਸ.ਸ.ਸ.ਸਕੂਲ ਚਨੋਲੀ ਬਸੀ ਅਤੇ ਸ.ਹ.ਸ. ਭਾਓਵਾਲ ਵਿਖੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਅਚਨਚੇਤ ਸਕੂਲਾਂ ਦਾ ਨਰੀਖਣ ਕੀਤਾ। ਇਸ ਮੌਕੇ ਟੀਮ ਦੇ ਇੰਚਾਰਜ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਵੱਲੋਂ ਸਕੂਲਾਂ ਵਿਚ ਚਲ ਰਹੇ ਅੱਠਵੀਂ, ਦੱਸਵੀਂ ਅਤੇ ਬਾਰਵ੍ਹੀਂ ਦੇ ਪ੍ਰੀ-ਬੋਰਡ ਪੇਪਰਾਂ ਦਾ ਮੁਆਇਨਾ ਲਿਆ।
ਇਸ ਮੌਕੇ ਉਹਨਾਂ ਨੇ ਚਨੋਲੀ ਬਸੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੀ ਬੋਰਡ ਦੇ ਪੇਪਰ ਪੁਰੀ ਤਿਆਰੀ ਕਰ ਕੇ ਪਾਏ ਜਾਣ। ਇਹ ਪੇਪਰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਹੁਣ ਤੋਂ ਹੀ ਬੋਰਡ ਦੇ ਆਉਣ ਵਾਲੇ ਪੇਪਰਾਂ ਲਈ ਤਿਆਰ ਕਰਨਾ ਹੈ।ਉਹਨਾਂ ਕਿਹਾ ਕਿ ਪਿਛਲੇ ਸਾਲ ਚਨੋਲੀ ਬਸੀ ਸਕੂਲ ਦੀਆਂ ਤਿੰਨ ਵਿਦਿਆਰਥਣਾ ਨੇ ਦੱਸਵੀਂ ਜਮਾਤ ਦੀ ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਲਿਸਟ ਵਿਚ7ਵਾਂ, 13ਵਾਂ ਅਤੇ 14ਵਾਂ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਰੂਪਨਗਰ ਅਤੇ ਇਸ ਸਕੂਲ ਦਾ ਪੁਰੇ ਪੰਜਾਬ ਵਿਚ ਨਾਮ ਰੋਸ਼ਨ ਕੀਤਾ ਸੀ। ਹੁਣ ਅਸੀਂ ਤੁਹਾਡੇ ਤੋਂ ਪੁਰੀ ਆਸ ਕਰਦੇ ਹਾਂ ਕਿ ਪਹਿਲੇ ਨਾਲੋਂ ਵੀ ਵੱਧ ਵਿਦਿਆਰਥੀ ਬੋਰਡ ਦੀ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਉਣ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰੀ ਬੋਰਡ ਦੇ ਹੋ ਚੁੱਕੇ ਪੇਪਰਾਂ ਨੂੰ ਚੈੱਕ ਵੀ ਕੀਤਾ ਗਿਆ ਅਤੇ ਉਹਨਾਂ ਨੇ ਸਮੂਹ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਪੇਪਰ ਨਾਲ ਦੇ ਨਾਲ ਹੀ ਚੈੱਕ ਕਰਕੇ ਵਿਦਿਆਰਥੀਆਂ ਦੇ ਨੰਬਰ ਈ ਪੰਜਾਬ ਆਈ ਡੀ ਤੇ ਚਾੜ੍ਹ ਦਿੱਤੇ ਜਾਣ। ਇਸ ਮੌਕੇ ਉਹਨਾਂ ਵੱਲੋਂ ਵਿਦਿਆਰਥੀਆਂ ਦੀ ਹਾਜਰੀ, ਅਧਿਆਪਕਾਂ ਦੀ ਹਾਜਰੀ, ਲਾਈਬਰੇਰੀ ਰਜਿਸਟਰ ਤੋਂ ਇਲਾਵਾ ਸਕੂਲ ਦੀਆਂ ਵੱਖ ਵੱਖ ਲੈਬਾਂ ਦਾ ਵੀ ਨਿਰੀਖਣ ਕੀਤਾ।
ਇਸ ਮੌਕੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬਲਾਕ ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਸ.ਮਿ.ਸਕੂਲ ਹਰਦੋ ਨਿਮੋਹ ਅਤੇ ਸ.ਹ.ਸਕੂਲ ਪ੍ਰਿਥੀਪੁਰ ਦਾ ਵੀ ਦੌਰਾ ਕਰਕੇ ਚਲ ਰਹੇ ਪ੍ਰੀਬੋਰਡ ਪੇਪਰਾਂ ਦਾ ਜਾਇਜਾ ਲਿਆ ਗਿਆ ਅਤੇ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਟੀਮ ਨਾਲ ਸੰਜੀਵ ਕੁਮਾਰ ਟੀਮ ਮੈਂਬਰ, ਪ੍ਰਭਜੀਤ ਸਿੰਘ ਟੀਮ ਮੈਂਬਰਾਂ ਤੋਂ ਇਲਾਵਾ ਪ੍ਰਿੰਸੀਪਲ ਸ਼ਰਨਜੀਤ ਕੌਰ, ਲਖਵੀਰ ਸਿੰਘ ਇੰਚਾਰਜ ਭਾਓਵਾਲ ਸਕੂਲ, ਲੈਕ. ਸਸੀ ਬਾਲਾ, ਲੈਕ.ਅਰਵਿੰਦਰ ਕੁਮਾਰ, ਲੈਕ.ਹਰਨੇਕ ਸਿੰਘ, ਲੈਕ. ਰਵਿੰਦਰ ਸਿੰਘ, ਲੈਕ. ਬਲਜੀਤ ਕੌਰ ਆਦਿ ਹਾਜਰ ਸਨ।